ਲੁਧਿਆਣਾ | ਜਮਾਲਪੁਰ ਇਲਾਕੇ ਵਿਚ ਸਵੇਰੇ ਖੇਤਾਂ ਵਿਚੋਂ ਵਿਦਿਆਰਥਣ ਦੀ ਲਾਵਾਰਿਸ ਹਾਲਤ ਵਿਚ ਲਾਸ਼ ਬਰਾਮਦ ਹੋਈ। ਰਾਹਗੀਰਾਂ ਨੇ ਲਾਸ਼ ਵੇਖ ਕੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਲਾਸ਼ ਦੀ ਸ਼ਨਾਖਤ ਮਗਰੋਂ ਪਤਾ ਲੱਗਾ ਕਿ ਮ੍ਰਿਤਕ ਵਿਦਿਆਰਥਣ ਪੇਪਰ ਦੇਣ ਲਈ ਘਰੋਂ ਗਈ ਸੀ ਅਤੇ ਕੱਲ ਤੋਂ ਹੀ ਲਾਪਤਾ ਸੀ। 11ਵੀਂ ਦੀ ਵਿਦਿਆਰਥਣ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਦੁਪਹਿਰ ਤਕ ਘਰ ਨਹੀਂ ਪੁੱਜੀ ਤਾਂ ਪਰਿਵਾਰ ਨੇ ਲੱਭਣਾ ਸ਼ੁਰੂ ਕੀਤਾ।

ਜਦੋਂ ਲੜਕੀ ਦੀ ਲਾਸ਼ ਬਰਾਮਦ ਹੋਈ ਤਾਂ ਪੈਰਾਂ ਵਿਚ ਪਾਏ ਬੂਟ ਤੇ ਸਕੂਲ ਬੈਗ ਗਾਇਬ ਸਨ। ਮ੍ਰਿਤਕ ਲੜਕੀ ਦੇ ਪਿਤਾ ਮੁਤਾਬਕ ਉਸ ਦੀ ਬੇਟੀ ਆਟੋ ਵਿਚ ਸਕੂਲ ਜਾਂਦੀ ਸੀ। ਬੁੱਧਵਾਰ ਉਸ ਦੀ ਬੇਟੀ ਸਕੂਲ ਗਈ ਪਰ ਛੁੱਟੀ ਹੋਣ ਦੇ ਬਾਵਜੂਦ ਘਰ ਵਾਪਸ ਨਹੀਂ ਪੁੱਜੀ। ਜਦੋਂ ਉਨ੍ਹਾਂ ਲੜਕੀ ਦੇ ਸਕੂਲ ਜਾ ਕੇ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਲੜਕੀ ਤਾਂ ਕਰੀਬ ਡੇਢ ਵਜੇ ਹੀ ਸਕੂਲੋਂ ਚਲੀ ਗਈ ਸੀ।

ਲੜਕੀ ਦੇ ਪਿਤਾ ਨੇ ਕਿਹਾ ਕਿ ਇਕ ਨੌਜਵਾਨ ਉੱਪਰ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਦੋ ਹਫਤੇ ਪਹਿਲਾਂ ਉਨ੍ਹਾਂ ਲੜਕੀ ਨੂੰ ਉਕਤ ਨੌਜਵਾਨ ਨਾਲ ਗੱਲ ਕਰਦੇ ਵੇਖਿਆ ਸੀ ਅਤੇ ਲੜਕੀ ਨੂੰ ਉਸ ਨਾਲ ਗੱਲ ਕਰਨ ਤੋਂ ਰੋਕਿਆ ਸੀ। ਅਧਿਕਾਰੀਆਂ ਨੇ ਕਿਸੇ ਤਰ੍ਹਾਂ ਨਾਲ ਸਰੀਰਕ ਸ਼ੋਸ਼ਣ ਦੀ ਪੁਸ਼ਟੀ ਨਹੀਂ ਕੀਤੀ।