ਲੁਧਿਆਣਾ, 1 ਅਕਤੂਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। 14 ਸਾਲ ਦੀ ਲੜਕੀ ਵੱਲੋਂ 354 ਡੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਦਰਜ ਕਰਵਾਏ ਗਏ ਮੁਕੱਦਮੇ ਨੂੰ ਵਾਪਸ ਲੈਣ ਲਈ ਨਾਮਜ਼ਦ ਕੀਤੇ ਮੁਲਜ਼ਮਾਂ ‘ਚੋਂ ਇਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਬਾਲਗ ਲੜਕੀ ਅਤੇ ਉਸਦੀ ਭੈਣ ਦਾ ਪਿੱਛਾ ਕੀਤਾ। ਮੁਲਜ਼ਮਾਂ ਨੇ ਲੜਕੀਆਂ ਨੂੰ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਅਬਦੁੱਲਾਪੁਰ ਬਸਤੀ ਦੇ ਵਾਸੀ ਗੋਵਿੰਦ ਸਿੰਘ ਉਰਫ ਲੱਡੂ ਅਤੇ 3 ਅਣਪਛਾਤੇ ਲੜਕਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਨੇ ਦੱਸਿਆ ਕਿ ਉਸਦੀ 14 ਸਾਲ ਦੀ ਛੋਟੀ ਭੈਣ ਨੇ ਚਿਰਾਗ ਕੁਮਾਰ, ਅਦਿਤਿਆ ਅਤੇ ਗੋਵਿੰਦ ਸਿੰਘ ਖਿਲਾਫ 3 ਫਰਵਰੀ 2023 ਨੂੰ ਥਾਣਾ ਮਾਡਲ ਟਾਊਨ ਵਿਚ ਛੇੜਛਾੜ ਦਾ ਮੁਕੱਦਮਾ ਦਰਜ ਕਰਵਾਇਆ ਸੀ।

FIR ਦਰਜ ਕਰਵਾਉਣ ਕਰਕੇ ਮੁਲਜ਼ਮ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਨਾਲ ਫੀਲਡਗੰਜ ਮਾਰਕੀਟ ਵਿਚ ਸਾਮਾਨ ਖਰੀਦਣ ਲਈ ਜਾ ਰਹੀ ਸੀ। ਜਿਵੇਂ ਹੀ ਦੋਵੇਂ ਲੜਕੀਆਂ ਮੱਛੀ ਮਾਰਕੀਟ ਨੇੜੇ ਪਹੁੰਚੀਆਂ ਤਾਂ ਮੁਲਜ਼ਮ ਗੋਵਿੰਦ ਸਿੰਘ ਉਰਫ ਲੱਡੂ ਅਤੇ 3 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਨਾਬਾਲਗ ਲੜਕੀ ਨੇ ਜੋ ਮੁਕੱਦਮਾ ਦਰਜ ਕਰਵਾਇਆ ਹੈ, ਉਸ ਨੂੰ ਵਾਪਸ ਲੈ ਲਿਆ ਜਾਵੇ।

ਧਮਕਾਉਣ ਲਈ ਮੁਲਜ਼ਮਾਂ ਨੇ ਲੜਕੀਆਂ ਦੀ ਖਿੱਚ-ਧੂਹ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕਰਨ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿਚ ਤਫਤੀਸ਼ੀ ਅਫਸਰ ਏਐਸਆਈ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਉਤੇ ਮੁਲਜ਼ਮ ਗੋਵਿੰਦ ਸਿੰਘ ਉਰਫ ਲੱਡੂ ਅਤੇ 3 ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।