ਲੁਧਿਆਣਾ | ਸਹੁਰਾ ਪਰਿਵਾਰ ਦੇ ਜ਼ੁਲਮਾਂ ਤੋਂ ਤੰਗ 28 ਸਾਲਾ ਵਿਆਹੁਤਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਅਗਲੇ ਦਿਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੰਦੀਪ ਉਰਫ ਸਿੰਮੀ ਦੀ ਲਾਸ਼ ਨਾਮਦੇਵ ਕਾਲੋਨੀ ਸਥਿਤ ਉਸ ਦੀ ਵਿਧਵਾ ਭੈਣ ਦੇ ਘਰ ਲਟਕਦੀ ਹੋਈ ਮਿਲੀ।

ਮਰਨ ਤੋਂ ਪਹਿਲਾਂ ਉਸ ਨੇ 6 ਪੇਜਾਂ ਦਾ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿੱਚ ਉਸ ਨੇ ਆਪਣੀ ਕਹਾਣੀ ਦੱਸੀ ਹੈ। ਉਸ ਦੀ ਇਕ 3 ਸਾਲ ਦੀ ਬੇਟੀ (ਮੌਲਵੀ) ਹੈ। ਟਿੱਬਾ ਪੁਲਿਸ ਨੇ ਮ੍ਰਿਤਕਾ ਦੀ ਮਾਤਾ ਬਲਬੀਰ ਕੌਰ ਦੇ ਬਿਆਨ ‘ਤੇ ਸਿੰਮੀ ਦੇ ਪਤੀ ਵਿਨੋਦ ਤਲਵਾੜ ਅਤੇ ਸੱਸ ਸਰੋਜ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਪਿੰਡ ਜਗੀਰਪੁਰ ਦੇ ਰਾਜ ਇਨਕਲੇਵ ਦੀ ਰਹਿਣ ਵਾਲੀ ਬਲਬੀਰ ਕੌਰ ਦੱਸਿਆ ਕਿ ਸੰਦੀਪ ਦਾ ਵਿਆਹ ਕਰੀਬ 5 ਸਾਲ ਪਹਿਲਾਂ ਨਿਊ ਹਰਗੋਬਿੰਦ ਨਗਰ ਦੇ ਵਿਨੋਦ ਤਲਵਾੜ ਨਾਲ ਹੋਇਆ ਸੀ, ਜਿਸ ਦੇ ਕੁਝ ਦਿਨਾਂ ਬਾਅਦ ਹੀ ਉਸ ਦੇ ਪਤੀ ਅਤੇ ਸੱਸ ਨੇ ਦਾਜ ਦੀ ਮੰਗ ਨੂੰ ਲੈ ਕੇ ਉਸ ਦੀ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵੀ ਪੰਚਾਇਤ ਕੀਤੀ ਜਾਂਦੀ, ਆਰੋਪੀ ਆਪਣੀ ਗਲਤੀ ਮੰਨ ਕੇ ਉਸ ਦੀ ਬੇਟੀ ਨੂੰ ਮਨਾ ਕੇ ਘਰ ਲੈ ਜਾਂਦੇ ਸਨ ਤੇ ਕੁਝ ਦਿਨਾਂ ਬਾਅਦ ਫਿਰ ਤੋਂ ਉਸ ਦੀ ਬੇਟੀ ਦਾ ਸਰੀਰਿਕ ਅਤੇ ਮਾਨਸਿਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਸਨ।

ਬਲਬੀਰ ਕੌਰ ਦਾ ਆਰੋਪ ਹੈ ਕਿ ਦਾਜ ਦੀ ਮੰਗ ਕਾਰਨ ਬੇਟੀ ਦੀ ਸੱਸ ਉਸ ਦੀ ਬੇਟੀ ‘ਤੇ ਦਬਾਅ ਬਣਾਉਂਦੀ ਸੀ ਕਿ ਉਹ ਪੈਸੇ ਕਮਾ ਕੇ ਘਰ ਲਿਆਵੇ ਤੇ ਉਸ ਦਾ ਬੇਟਾ ਘਰ ਬੈਠ ਕੇ ਖਾਏਗਾ।

ਆਰੋਪ ਹੈ ਕਿ ਕਰੀਬ 8 ਮਹੀਨੇ ਪਹਿਲਾਂ ਆਰੋਪੀਆਂ ਨੇ ਸੰਦੀਪ ਨਾਲ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਇਸ ਦੌਰਾਨ ਉਹ 2 ਮਹੀਨੇ ਤੱਕ ਪੇਕੇ ਰਹੀ ਅਤੇ ਪਿਛਲੇ 6 ਮਹੀਨਿਆਂ ਤੋਂ ਆਪਣੀ ਵਿਧਵਾ ਭੈਣ ਸ਼ਰਨਜੀਤ ਦੇ ਕੋਲ ਰਹਿਣ ਲੱਗੀ।

24 ਅਗਸਤ ਨੂੰ ਸੰਦੀਪ ਦੇ ਵਿਆਹ ਦੀ ਵਰ੍ਹੇਗੰਢ ਸੀ। ਉਸ ਨੇ ਵਿਨੋਦ ਨੂੰ ਵਰ੍ਹੇਗੰਢ ‘ਤੇ ਆਉਣ ਲਈ ਕਿਹਾ ਤਾਂ ਆਰੋਪੀਆਂ ਨੇ ਸੰਦੀਪ ਨਾਲ ਗਾਲੀ-ਗਲੋਚ ਕੀਤੀ ਤੇ ਬੇਇੱਜ਼ਤ ਕਰਕੇ ਉਸ ਨੂੰ ਮਰ ਜਾਣ ਲਈ ਕਿਹਾ। ਸਹੁਰਾ ਪਰਿਵਾਰ ਵਾਲਿਆਂ ਦੇ ਇਸ ਵਿਵਹਾਰ ਤੋਂ ਸਤਾਏ ਜਾਣ ਕਾਰਨ ਸੰਦੀਪ ਨੇ ਦੁਪਹਿਰ ਕਰੀਬ ਡੇਢ ਵਜੇ ਛੱਤ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।

ਬਲਬੀਰ ਕੌਰ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਸ ਦੀ ਬੇਟੀ ਨੇ ਸੁਸਾਈਡ ਨੋਟ ਲਿਖਿਆ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਹੁਣ ਤੱਕ 3 ਕੁੜੀਆਂ ਦੀ ਕਥਿਤ ਤੌਰ ‘ਤੇ ਜ਼ਿੰਦਗੀ ਬਰਬਾਦ ਕਰ ਚੁੱਕਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)