ਲੁਧਿਆਣਾ, 23 ਜਨਵਰੀ | ਦੁੱਗਰੀ ਇਲਾਕੇ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇੱਥੇ ਲੋਕਾਂ ਨੇ ਬਾਈਕ ਸਵਾਰ ਲੁਟੇਰਿਆਂ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਇਹ ਨੌਜਵਾਨ ਨਿਗਮ ਕਰਮਚਾਰੀ ਹੋਣ ਦਾ ਬਹਾਨਾ ਲਗਾ ਕੇ ਦੁਕਾਨਦਾਰਾਂ ਤੋਂ ਪੈਸੇ ਵਸੂਲ ਰਹੇ ਸਨ। ਇਹ ਬਦਮਾਸ਼ ਇੱਕ ਦੁਕਾਨਦਾਰ ਤੋਂ ਪਰਚੀ ਦੇ ਪੈਸੇ ਮੰਗ ਰਹੇ ਸਨ। ਜਦੋਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਦੇ ਗਲੇ ‘ਤੇ ਛੈਣੀ ਲਗਾ ਦਿੱਤੀ।

ਮੌਕੇ ‘ਤੇ ਹੰਗਾਮਾ ਹੋਣ ਤੋਂ ਬਾਅਦ 2 ਵਿਅਕਤੀਆਂ ਨੂੰ ਫੜ ਲਿਆ ਗਿਆ ਪਰ 2 ਫਰਾਰ ਹੋ ਗਏ। ਪੁਲਿਸ ਨੇ ਲੁਟੇਰਿਆਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ ਦਰਅਸਲ ਦੁੱਗਰੀ ਨਹਿਰ ‘ਤੇ ਲਾਈਟਾਂ ਨੇੜੇ ਕੁਝ ਦੁਕਾਨਾਂ ਲਗਾਈਆਂ ਗਾਈਆਂ ਸਨ।

ਦੁਕਾਨਦਾਰ ਵਿਜੇ ਨੇ ਦੱਸਿਆ ਕਿ ਬਾਈਕ ‘ਤੇ ਚਾਰ ਨੌਜਵਾਨ ਆਏ। ਬਾਈਕ ‘ਤੇ ਦੋ ਬੈਠੇ ਸਨ ਅਤੇ ਦੋ ਉਸ ਕੋਲ ਆਏ ਅਤੇ ਕਹਿਣ ਲੱਗੇ ਕਿ ਉਹ ਨਿਗਮ ਦੇ ਮੁਲਾਜ਼ਮ ਹਨ। ਦੋਵਾਂ ਨੇ ਪੁੱਛਿਆ ਕਿ ਉਸ ਦੀ ਦੁਕਾਨ ਕਿਸ ਦੀ ਇਜਾਜ਼ਤ ਨਾਲ ਸਥਾਪਿਤ ਕੀਤੀ ਗਈ ਹੈ। ਉਸ ਨੂੰ ਨਿਗਮ ਦੀ ਪਰਚੀ ਦਿਖਾਉਣ ਲਈ ਕਿਹਾ।

ਉਨ੍ਹਾਂ ਨੇ ਉਸ ‘ਤੇ ਪਰਚੀ ਦੇ 300 ਰੁਪਏ ਦੇਣ ਲਈ ਦਬਾਅ ਪਾਇਆ। ਉਨ੍ਹਾਂ ਕਿਹਾ ਕਿ ਉਹ ਨਿਗਮ ਦਫ਼ਤਰ ਜਾ ਕੇ ਪਰਚੀ ਬਣਵਾਉਣਗੇ। ਇਹ ਸੁਣ ਕੇ ਗੁੱਸੇ ‘ਚ ਆਏ ਬਦਮਾਸ਼ਾਂ ਨੇ ਛੈਣੀ ਕੱਢ ਕੇ ਉਸ ਦੇ ਗਲੇ ‘ਤੇ ਰੱਖ ਦਿੱਤੀ। ਵਿਜੇ ਅਨੁਸਾਰ ਉਸ ਦਾ ਪਿਤਾ ਵੀ ਉੱਥੇ ਹੀ ਸੀ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ।

ਬਾਈਕ ‘ਤੇ ਬੈਠੇ ਦੋਵੇਂ ਨੌਜਵਾਨ ਫ਼ਰਾਰ ਹੋ ਗਏ। ਲੋਕਾਂ ਦੀ ਮਦਦ ਨਾਲ ਦੁਕਾਨ ‘ਤੇ ਖੜ੍ਹੇ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ। ਲੋਕਾਂ ਨੇ ਉਨ੍ਹਾਂ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੀਸੀਆਰ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਬਦਮਾਸ਼ਾਂ ਨੂੰ ਪੁਲਿਸ ਚੌਕੀ ਆਤਮਾ ਪਾਰਕ ਹਵਾਲੇ ਕਰ ਦਿੱਤਾ।

ਇਸ ਘਟਨਾ ਤੋਂ ਬਾਅਦ ਤਹਿਬਾਜ਼ਾਰੀ ਦੇ ਇੰਸਪੈਕਟਰ ਅਜੈ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਸ਼ਹਿਰ ਵਿਚ ਰੇਹੜੀ ਵਾਲਿਆਂ ਨੂੰ ਪਰਚੀ ਵੀ ਦਿੰਦੀ ਹੈ। ਜੇਕਰ ਕੋਈ ਦੁਕਾਨਦਾਰ ਕੋਲ ਆਉਂਦਾ ਹੈ ਅਤੇ ਆਪਣੇ ਆਪ ਨੂੰ ਨਿਗਮ ਦਾ ਮੁਲਾਜ਼ਮ ਦੱਸਦਾ ਹੈ ਤਾਂ ਉਸ ਦਾ ਆਈਡੀ ਕਾਰਡ ਜ਼ਰੂਰ ਚੈੱਕ ਕੀਤੀ ਜਾਵੇ।