ਲੁਧਿਆਣਾ। ਨਗਰ ਨਿਗਮ ਅਫ਼ਸਰਾਂ ’ਤੇ ਦੁਗਰੀ ਰੋਡ ਸਥਿਤ ਚਿਕਨ ਸ਼ਾਪਾਂ ਦੀ ਚੈਕਿੰਗ ਦੇ ਨਾਂ ਤੇ ਉੱਥੋਂ ਚਿਕਨ ਚੁੱਕ ਕੇ ਲਿਜਾਣ ਦਾ ਦੋਸ਼ ਲੱਗਿਆ ਹੈ, ਜਿਸ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਮੌਕੇ ਵੀਰ ਚਿਕਨ ਦੇ ਮਾਲਕ ਪਰਮਿੰਦਰ ਸਿੰਘ ਅਤੇ ਕੇਕੇ ਚਿਕਨ ਦੇ ਮਾਲਕ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਨਗਰ ਨਿਗਮ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ। ਲੇਕਿਨ ਦੁਪਹਿਰ ਤਿੰਨ ਵਜੇ ਖ਼ੁਦ ਨੂੰ ਨਗਰ ਨਿਗਮ ਦੇ ਅਫਸਰ ਦੱਸ ਕੇ ਕੁਝ ਲੋਕ ਆਪਣੇ ਸਾਥੀਆਂ ਸਣੇ ਉਨ੍ਹਾਂ ਦੀਆਂ ਦੁਕਾਨਾਂ ਵਿਚ ਆ ਗਏ। ਉਨ੍ਹਾਂ ਨੇ ਖ਼ੁਦ ਨੂੰ ਸਲਾਟਰ ਹਾਊਸ ਨਾਲ ਸਬੰਧਤ ਦੱਸਿਆ ਅਤੇ ਜ਼ਬਰਦਸਤੀ ਦੁਕਾਨ ‘ਚ ਪਿਆ ਹਜ਼ਾਰਾਂ ਰੁਪਏ ਦਾ ਸਾਮਾਨ ਚੁੱਕ ਕੇ ਲੈ ਗਏ। ਜਿਸਦੀ ਕੀਮਤ ਕਰੀਬ 70 ਹਜ਼ਾਰ ਰੁਪਏ ਬਣਦੀ ਹੈ ।

ਘਟਨਾ ਦੇ ਵਕਤ ਦੁਕਾਨਾਂ ਵਿਚ ਮਾਲਕ ਨਹੀਂ ਸਨ ਅਤੇ ਮੁਲਾਜ਼ਮ ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਉਹ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਨੇ ਇਹ ਵੀ ਰੋਸ ਪ੍ਰਗਟਾਇਆ ਕਿ ਉਹ ਸਾਫ਼ ਸਫ਼ਾਈ ਦਾ ਪੂਰਾ ਪ੍ਰਬੰਧ ਕਰਦੇ ਹਨ ਅਤੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨਾਲ ਨਾ ਸਿਰਫ ਉਨ੍ਹਾਂ ਨੂੰ ਮਾਲੀਆ ਦਾ ਨੁਕਸਾਨ ਹੈ, ਬਲਕਿ ਇੱਥੇ ਹੁੱਲੜਬਾਜ਼ੀ ਵੀ ਕੀਤੀ ਗਈ ਹੈ।