ਲੁਧਿਆਣਾ | ਦਿਮਾਗੀ ਅਤੇ ਸਰੀਰਕ ਤਸੀਹਿਆਂ ਤੋਂ ਵਿਆਹੁਤਾ ਇਸ ਕਦਰ ਤੰਗ-ਪ੍ਰੇਸ਼ਾਨ ਹੋ ਗਈ ਕਿ ਉਸ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਦੁੱਗਰੀ ਦੀ ਪੁਲਿਸ ਨੇ ਬਲਜੀਤ ਕੌਰ (40) ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਪੁਲਿਸ ਨੇ ਮ੍ਰਿਤਕਾ ਦੇ ਪਿਤਾ ਪੰਜਾਬੀ ਬਾਗ ਨਵੀਂ ਦਿੱਲੀ ਦੇ ਰਹਿਣ ਵਾਲੇ ਜਸਬੀਰ ਸਿੰਘ ਦੇ ਬਿਆਨਾਂ ‘ਤੇ ਉਸ ਦੇ ਪਤੀ ਅਰਬਨ ਅਸਟੇਟ ਦੁੱਗਰੀ ਵਾਸੀ ਹਰਪ੍ਰੀਤ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਆਪਣੀ ਧੀ ਬਲਜੀਤ ਕੌਰ ਦਾ ਵਿਆਹ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਕੁਝ ਹਫ਼ਤੇ ਬਾਅਦ ਹੀ ਮੁਲਜ਼ਮ ਉਨ੍ਹਾਂ ਦੀ ਧੀ ਨੂੰ ਤੰਗ ਕਰਨ ਲੱਗ ਪਿਆ।

ਸਰੀਰਕ ਤੇ ਦਿਮਾਗੀ ਤਸੀਹਿਆਂ ਤੋਂ ਬਲਜੀਤ ਕੌਰ ਇੰਨਾ ਤੰਗ ਆ ਗਈ ਕਿ ਉਸ ਨੇ ਸਵੇਰੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ।

ਵਿਆਹੁਤਾ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ। ਬੇਹੱਦ ਨਾਜ਼ੁਕ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।

ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਜਸਬੀਰ ਸਿੰਘ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕਰਕੇ ਹਰਪ੍ਰੀਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)