ਲੁਧਿਆਣਾ : ਪਿਓ-ਪੁੱਤ ਨੂੰ ਬੰਧਕ ਬਣਾ ਕੇ 45 ਭੇਡਾਂ ਲੈ ਗਏ ਪਿਕਅਪ ਗੱਡੀ ‘ਚ ਆਏ 7 ਅਣਪਛਾਤੇ

0
668

ਲੁਧਿਆਣਾ | ਇਥੋਂ ਭੇਡਾਂ ਚਰਾ ਰਹੇ ਵਿਅਕਤੀਆਂ ਨੂੰ ਬੰਧਕ ਬਣਾ ਕੇ 45 ਭੇਡਾਂ ਚੋਰੀ ਕਰਨ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਡਿੰਪਲ ਸਿੰਘ ਨੇ ਦੱਸਿਆ ਕਿ ਉਸਦੇ ਕੋਲ਼ 490 ਭੇਡਾਂ ਹਨ। ਭੇਡਾਂ ਚਰਾਉਣ ਲਈ ਉਹ ਆਪਣੇ ਪਿਤਾ ਅਤੇ ਸਾਥੀਆਂ ਨਾਲ ਕੋਹਾੜਾ ਦੇ ਲਾਗੇ ਲੱਗਦੇ ਕੁਝ ਇਲਾਕਿਆਂ ਵਿਚ ਆਇਆ ਹੋਇਆ ਸੀ।

ਉਹ ਮਾਨਗੜ੍ਹ ਦੇ ਇਕ ਖਾਲੀ ਪਲਾਟ ਵਿਚ ਮੌਜੂਦ ਸਨ, ਇਸੇ ਦੌਰਾਨ ਇਕ ਮਹਿੰਦਰਾ ਪਿਕਅੱਪ ਗੱਡੀ ਉਥੇ ਆਈ। ਗੱਡੀ ‘ਚੋਂ 7 ਵਿਅਕਤੀ ਨਿਕਲੇ ਜਿਨ੍ਹਾਂ ਨੇ ਡਿੰਪਲ ਸਿੰਘ, ਉਸ ਦੇ ਪਿਤਾ ਗੁਲਜ਼ਾਰ ਸਿੰਘ ਅਤੇ ਉਨ੍ਹਾਂ ਦੇ ਬੰਦਿਆਂ ਦੀਆਂ ਬਾਹਾਂ ਬੰਨ੍ਹ ਦਿੱਤੀਆਂ। ਬਦਮਾਸ਼ਾਂ ਨੇ 45 ਭੇਡਾਂ ਚੁੱਕੀਆਂ ਅਤੇ ਟੈਂਪੂ ਵਿਚ ਲੱਦ ਕੇ ਫ਼ਰਾਰ ਹੋ ਗਏ। ਉਧਰ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਥਾਣਾ ਕੂਮ ਕਲਾਂ ਦੀ ਪੁਲਿਸ ਨੇ ਪਟਿਆਲਾ ਦੇ ਰਹਿਣ ਵਾਲੇ ਡਿੰਪਲ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।