ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਹੁਰੇ ਪਰਿਵਾਰ ਵੱਲੋਂ ਬੱਚਿਆਂ ਨੂੰ ਨਾ-ਮਿਲਣ ਦੇਣ ‘ਤੇ ਲੁਧਿਆਣਾ ਦਾ ਇਕ ਕਾਰੋਬਾਰੀ ਇਸ ਕਦਰ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਆਪਣੇ ਘਰ ਵਿਚ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਕਾਰੋਬਾਰੀ ਨੇ ਮੋਬਾਇਲ ‘ਤੇ ਇਕ ਵੀਡੀਓ ਬਣਾਈ, ਜਿਸ ਵਿਚ ਉਸ ਨੇ ਆਪਣੀ ਮੌਤ ਦੀ ਜ਼ਿੰਮੇਵਾਰ ਪਤਨੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ।

ਪੁਲਿਸ ਨੇ ਮ੍ਰਿਤਕ ਦੇ ਪਿਤਾ ਸੁਰੇਸ਼ ਅਰੋੜਾ ਦੀ ਸ਼ਿਕਾਇਤ ‘ਤੇ ਹਿਤੇਸ਼ ਦੀ ਪਤਨੀ ਸੁੰਦਰ ਨਗਰ ਦੀ ਵਾਸੀ ਦੀਪਿਕਾ ਉਰਫ ਚੀਨੂੰ, ਉਸ ਦੀ ਸੱਸ ਜਸਵੀਰ ਕੌਰ, ਸਹੁਰੇ ਹਰਚੰਦ ਖਹਿਰਾ ਅਤੇ ਸਾਲੇ ਰੋਹਿਤ ਖਿਲਾਫ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਹ ਸੇਖੇਵਾਲ ਵਿਚ ਐਸ. ਕੇ. ਸੁਰੇਸ਼ ਹੌਜ਼ਰੀ ਨਾਮ ਦੀ ਫੈਕਟਰੀ ਚਲਾਉਂਦੇ ਹਨ। ਸਾਲ 2015 ਵਿਚ ਉਨ੍ਹਾਂ ਦੇ ਬੇਟੇ ਹਿਤੇਸ਼ ਅਰੋੜਾ ਦਾ ਵਿਆਹ ਦੀਪਿਕਾ ਨਾਲ ਹੋਇਆ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਘਰ ਵਿਚ ਕਲੇਸ਼ ਰਹਿਣ ਲੱਗ ਪਿਆ।

ਉਹ ਬੇਟੇ ਕੈਰਵ ਅਤੇ ਰਿਆਸ ਨੂੰ ਹਿਤੇਸ਼ ਨੂੰ ਮਿਲਣ ਤੋਂ ਰੋਕਣ ਲੱਗ ਪਈ। ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ 1 ਲੱਖ ਰੁਪਏ ਮਹੀਨੇ ਦੀ ਮੰਗ ਕਰ ਰਹੀ ਸੀ। 9 ਮਈ ਨੂੰ ਦੁਪਹਿਰ 3 ਵਜੇ ਦੇ ਕਰੀਬ ਹਿਤੇਸ਼ ਬੱਚਿਆਂ ਨੂੰ ਮਿਲਣ ਲਈ ਸਹੁਰੇ ਘਰ ਗਿਆ ਤਾਂ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਹਿਤੇਸ਼ ਖਿਲਾਫ ਇਕ ਸ਼ਿਕਾਇਤ ਥਾਣਾ ਦਰੇਸੀ ਵਿਚ ਦੇ ਦਿੱਤੀ।

2 ਬੇਟਿਆਂ ਦੇ ਜਨਮ ਤੋਂ ਬਾਅਦ ਵੀ ਉਨ੍ਹਾਂ ਦੀ ਨੂੰਹ ਤੰਗ-ਪਰੇਸ਼ਾਨ ਕਰਦੀ ਰਹੀ। ਸ਼ਿਕਾਇਤ ਵਿਚ ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਕਿਸੇ ਲੜਕੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਦੀ ਚੈਟ ਹਿਤੇਸ਼ ਦੇ ਕੋਲ ਆ ਗਈ ਸੀ, ਰੋਕਣ ‘ਤੇ ਉਨ੍ਹਾਂ ਦੀ ਨੂੰਹ ਘਰ ਵਿਚ ਝਗੜਾ ਕਰਨ ਲੱਗ ਪਈ ਅਤੇ 28 ਦਸੰਬਰ 2022 ਨੂੰ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਵਾਰ-ਵਾਰ ਸਮਝਾਉਣ ‘ਤੇ ਵੀ ਦੀਪਿਕਾ ਨਹੀਂ ਸਮਝੀ। ਉਹ ਹਿਤੇਸ਼ ਕੋਲੋਂ ਤਲਾਕ ਮੰਗਣ ਲੱਗ ਪਈ।

ਉਸ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ। ਉਧਰ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਆਕਾਸ਼ਪੁਰ ਸਿਵਲ ਲਾਈਨ ਦੇ ਰਹਿਣ ਵਾਲੇ ਮ੍ਰਿਤਕ ਹਿਤੇਸ਼ ਅਰੋੜਾ (32) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।