ਲੁਧਿਆਣਾ | ਜ਼ਿਲ੍ਹਾ ਅਦਾਲਤ ਵਿੱਚ ਅੱਜ (ਵੀਰਵਾਰ) ਅਚਾਨਕ ਧਮਾਕਾ ਹੋ ਗਿਆ, ਜਿਸ ਪਿੱਛੋਂ ਅਚਾਨਕ ਲੋਕਾਂ ਵਿੱਚ ਹਫਤਾ-ਦਫੜੀ ਮਚ ਗਈ। ਭਿਆਨਕ ਧਮਾਕੇ ਕਾਰਨ ਇਮਾਰਤ ਦਾ ਮਲਬਾ ਡਿੱਗ ਗਿਆ, ਜਿਸ ਹੇਠ ਕਈ ਲੋਕ ਦੱਬੇ ਗਏ।

ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਅਦਾਲਤ ਦੀ ਤੀਜੀ ਮੰਜ਼ਿਲ ‘ਤੇ ਉਦੋਂ ਹੋਇਆ, ਜਦੋਂ ਜ਼ਿਆਦਾ ਭੀੜ ਸੀ।

ਧਮਾਕੇ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਪੁਲਿਸ, ਬੰਬ ਨਿਰੋਧਕ ਦਸਤਾ ਤੇ ਆਪ੍ਰੇਸ਼ਨ ਸੈੱਲ ਮੌਕੇ ‘ਤੇ ਪੁੱਜੇ। ਧਮਾਕੇ ਦੀ ਗੰਭੀਰਤਾ ਨੂੰ ਵੇਖਦਿਆਂ ਸੁਰੱਖਿਆ ਏਜੰਸੀਆਂ ਵੱਲੋਂ ਸਾਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਧਮਾਕਾ ਲਗਭਗ 12:20 ਮਿੰਟ ‘ਤੇ ਕੋਰਟ ਨੰਬਰ 14 ਤੇ 13 ਦੇ ਨੇੜੇ ਜਨਤਕ ਬਾਥਰੂਮ ‘ਚ ਧਮਾਕਾ ਹੋਇਆ। ਬਾਥਰੂਮ ਦੀਆਂ ਕੰਧਾਂ ਮਲਬੇ ‘ਚ ਬਦਲ ਗਈਆਂ। ਪ੍ਰਤੱਖਦਰਸ਼ੀਆਂ ਅਨੁਸਾਰ ਧਮਾਕੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ। ਪਤਾ ਲੱਗਾ ਹੈ ਕਿ ਧਮਾਕਾ ਜੱਜ ਸ਼ਵੇਤਾ ਦਾਸ ਦੀ ਅਦਾਲਤ ਦੇ ਨਾਲ ਜਨਤਕ ਬਾਥਰੂਮ ਵਿੱਚ ਹੋਇਆ।

ਧਮਾਕਾ ਹੋਣ ਪਿੱਛੋਂ ਲੋਕਾਂ ਵਿੱਚ ਭਗਦੜ ਮਚ ਗਈ। ਮੌਕੇ ‘ਤੇ ਸੂਚਨਾ ਮਿਲਣ ‘ਤੇ ਪੁਲਿਸ ਪੁੱਜੀ ਹੋਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਹੜੀ ਚੀਜ਼ ਨਾਲ ਹੋਇਆ।

ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਧਮਾਕਾ ਬਹੁਤ ਵੱਡਾ ਸੀ, ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਪਰ ਇਸ ਬਾਰੇ ਅਧਿਕਾਰੀਆਂ ਵੱਲੋਂ ਅਜੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਗਈ।

ਉਧਰ, ਮੌਕੇ ‘ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜੀਪੀਐੱਸ ਭੁੱਲਰ ਦਾ ਕਹਿਣਾ ਹੈ ਕਿ ਧਮਾਕਾ ਕਿਵੇਂ ਹੋਇਆ, ਇਸ ਬਾਰੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕੇਗਾ। ਉਨ੍ਹਾਂ ਧਮਾਕੇ ਵਿੱਚ ਇਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

ਧਮਾਕੇ ਦੀ ਜਾਂਚ ਲਈ NIA ਦੀ 2 ਮੈਂਬਰੀ ਟੀਮ ਗਠਿਤ

ਲੁਧਿਆਣਾ ਅਦਾਲਤ ‘ਚ ਧਮਾਕੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (NIA) ਕਰੇਗੀ। ਇਸ ਲਈ 2 ਮੈਂਬਰੀ ਟੀਮ ਗਠਿਤ ਕੀਤੀ ਗਈ ਹੈ। ਜਾਂਚ ਏਜੰਸੀ ਦੀ ਟੀਮ ਚੰਡੀਗੜ੍ਹ ਬ੍ਰਾਂਚ ਤੋਂ ਲੁਧਿਆਣਾ ਲਈ ਰਵਾਨਾ ਹੋਵੇਗੀ।