ਲੁਧਿਆਣਾ : ਕੇਂਦਰੀ ਜੇਲ੍ਹ ‘ਚ ਬੰਦੀ ਸਿੰਘ ਦੀ ਇਲਾਜ ਖੁਣੋਂ ਮੌਤ, ਪਰਿਵਾਰ ਨੇ ਜੰਮ ਕੇ ਕੀਤਾ ਹੰਗਾਮਾ

0
577

ਲੁਧਿਆਣਾ : ਤਾਜਪੁਰ ਰੋਡ ਤੇ ਸਥਿਤ ਕੇਂਦਰੀ ਜੇਲ੍ਹ ‘ਚ ਬੰਦ ਕੈਦੀ ਦੀ ਮੌਤ ਨੂੰ ਲੈ ਕੇ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਪੁੱਜੇ ਬੰਦੀ ਸਿੰਘ ਦੇ ਰਿਸ਼ਤੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਲਕੀਅਤ ਸਿੰਘ ਪੁੱਤਰ ਕਸ਼ਮੀਰ ਸਿੰਘ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ ਜਿਸ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ।

ਬੀਮਾਰ ਹੋਣ ਕਾਰਨ ਉਸ ਦੇ ਇਲਾਜ ਲਈ ਕਈ ਵਾਰ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਪਰ ਇਲਾਜ ਵਿਚ ਕਥਿਤ ਅਣਗਹਿਲੀ ਕਾਰਨ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ‘ਚ ਮ੍ਰਿਤਕ ਬੰਦੀ ਦੇ ਭਰਾ ਨੇ ਦੱਸਿਆ ਕਿ ਜਦੋਂ ਵੀ ਉਸ ਦੇ ਬੰਦੀ ਭਰਾ ਦਾ ਜੇਲ੍ਹ ‘ਚੋਂ ਫੋਨ ਆਉਂਦਾ ਸੀ ਤਾਂ ਉਹ ਇਹੀ ਗੱਲ ਕਹਿ ਦਿੰਦਾ ਸੀ ਕਿ ਉਸ ਦੀ ਬਿਮਾਰੀ ਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ ਹੈ। ਸਿਰਦਰਦ ਹੋਵੇ, ਪੇਟ ਦਰਦ ਹੋਵੇ ਜਾਂ ਬੁਖਾਰ ਹੋਵੇ, ਇੱਕੋ ਤਰ੍ਹਾਂ ਦੀ ਗੋਲੀ ਦੇ ਕੇ ਭੇਜ ਦਿੱਤਾ ਜਾਂਦਾ ਸੀ।

ਦੂਜੇ ਪਾਸੇ ਜੇਲ੍ਹ ਤੋਂ ਪੋਸਟਮਾਰਟਮ ਕਰਵਾਉਣ ਆਏ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਨੇ ਦੱਸਿਆ ਕਿ ਬੰਦੀ ਦਾ ਇਲਾਜ ਜੇਲ੍ਹ ਹਸਪਤਾਲ ‘ਚ ਵੀ ਚੱਲ ਰਿਹਾ ਸੀ ਅਤੇ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਸਿਵਲ ਭੇਜ ਦਿੱਤਾ ਗਿਆ ਸੀ।

ਹਸਪਤਾਲ ਤੇ ਇਲਾਜ ਦਾ ਸਾਰਾ ਰਿਕਾਰਡ ਜੇਲ੍ਹ ਦੇ ਮੈਡੀਕਲ ਅਫ਼ਸਰ ਕੋਲ ਹੈ। ਉਨ੍ਹਾਂ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਡਾਕਟਰਾਂ ਦੇ ਪੈਨਲ ਵੱਲੋਂ ਜੁਡੀਸ਼ੀਅਲ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।