ਸ੍ਰੀ ਮਾਛੀਵਾੜਾ ਸਾਹਿਬ/ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਮਰਾਲਾ ਰੋਡ ਨੇੜੇ ਮੱਕੀ ਦੇ ਖੇਤਾਂ ‘ਚ ਸਪਰੇਅ ਕਰਦੇ ਹੋਏ ਨੌਜਵਾਨ ਖੇਤ ਮਜ਼ਦੂਰ ਰਾਕੇਸ਼ ਕੁਮਾਰ (19) ਵਾਸੀ ਬਲੀਬੇਗ ਬਸਤੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਰ ਦੇ ਸਾਥੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਉਹ ਕੁੱਲ 9 ਵਿਅਕਤੀ ਮਾਛੀਵਾੜਾ ਨੇੜੇ ਮੱਕੀ ਦੀ ਫਸਲ ‘ਤੇ ਸਪਰੇਅ ਕਰਨ ਆਏ ਸਨ।

ਉਨ੍ਹਾਂ ਦੱਸਿਆ ਕਿ ਰਾਕੇਸ਼ ਕੁਮਾਰ ਵੀ ਉਨ੍ਹਾਂ ਨਾਲ ਫਸਲ ‘ਤੇ ਸਪਰੇਅ ਕਰ ਰਿਹਾ ਸੀ ਕਿ ਅਚਾਨਕ ਖੇਤਾਂ ‘ਚ ਲਟਕ ਰਹੀ ਬਿਜਲੀ ਦੀ ਤਾਰ ਉਸ ਦੇ ਸਰੀਰ ਨੂੰ ਛੂਹ ਗਈ, ਜਿਸ ਨਾਲ ਉਸ ਨੂੰ ਕਰੰਟ ਲੱਗ ਗਿਆ ਤੇ ਮੌਕੇ ‘ਤੇ ਹੀ ਦਮ ਤੋੜ ਗਿਆ। ਘਟਨਾ ਤੋਂ ਬਾਅਦ ਤੁਰੰਤ ਐੱਸਐੱਚਓ ਦਵਿੰਦਰਪਾਲ ਸਿੰਘ ਵੀ ਮੌਕੇ ‘ਤੇ ਪੁੱਜ ਗਏ ਤੇ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਰਾਕੇਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਦੇ ਆਧਾਰ ‘ਤੇ ਹੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪੁੱਜ ਗਏ ਤੇ ਉਸ ਦੇ ਪਿਤਾ ਸੁਰੇਸ਼ ਮਹਿਤੋ ਨੇ ਦੱਸਿਆ ਕਿ ਉਸ ਦਾ ਲੜਕਾ ਰਾਕੇਸ਼ ਕੁਮਾਰ ਖੇਤਾਂ ‘ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਕੇਸ਼ ਕੁਮਾਰ ਦੀ ਮੰਗਣੀ ਕੀਤੀ ਹੋਈ ਸੀ, ਜਿਸ ਦਾ ਜੂਨ ਮਹੀਨੇ ‘ਚ ਵਿਆਹ ਹੋਣਾ ਸੀ।