ਲੁਧਿਆਣਾ, 29 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਗਣਪਤੀ ਵਿਸਰਜਨ ਦੌਰਾਨ ਸਿੱਧਵਾਂ ਨਹਿਰ ਵਿਚ ਇਕ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਗਈ। ਰਾਤ ਦੇ ਸਮੇਂ ਹਨੇਰਾ ਹੋਣ ਕਾਰਨ ਅਤੇ ਉਥੇ ਮਿਊਜ਼ਿਕ ਸਿਸਟਮ ਲੱਗੇ ਹੋਣ ਕਾਰਨ ਨੌਜਵਾਨ ਦੇ ਡੁੱਬਣ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਕਾਫੀ ਦੇਰ ਤੱਕ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨਾ ਦੇਖਿਆ ਤਾਂ ਗੋਤਾਖੋਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਗੋਤਾਖੋਰਾਂ ਨੇ ਡੁੱਬਣ ਤੋਂ ਕਰੀਬ 14 ਘੰਟਿਆਂ ਬਾਅਦ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ ਛੋਟੀ ਜਵੱਦੀ ਦੇ ਰਹਿਣ ਵਾਲੇ ਵੀਰ ਬਖਸ਼ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰ ਬਖਸ਼ ਬੁੱਧਵਾਰ ਰਾਤ ਨੂੰ ਗਣਪਤੀ ਵਿਸਰਜਨ ਕਰਨ ਲਈ ਸਿੱਧਵਾਂ ਨਹਿਰ ‘ਤੇ ਗਿਆ ਸੀ। ਇਸ ਦੌਰਾਨ ਉਹ ਨਹਿਰ ਦੇ ਪਾਣੀ ਵਿਚ ਨਹਾਉਣ ਲੱਗਾ ਤੇ ਡੁੱਬ ਗਿਆ। ਦੁੱਗਰੀ ਥਾਣੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ ਹੈ।