ਲੁਧਿਆਣਾ : ਲੁਧਿਆਣਾ ਦੇ ਸਿਵਲ ਲਾਈਨ ਇਲਾਕੇ ਵਿੱਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਉੱਥੋਂ ਦੀ ਇਕ ਹੌਜ਼ਰੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹੌਜ਼ਰੀ ਵਿੱਚ ਮੌਜੂਦ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਜਾਣਕਾਰੀ ਦਿੰਦਿਆਂ ਫ਼ੈਕਟਰੀ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਦੁਪਹਿਰ 1 ਵਜੇ ਉਹ ਖਾਣਾ ਖਾਣ ਲਈ ਫੈਕਟਰੀ ਤੋਂ ਬਾਹਰ ਗਿਆ। ਕੁਝ ਹੀ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਫੈਕਟਰੀ ਵਿਚ ਅੱਗ ਲੱਗ ਗਈ ਹੈ। ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਕੱਪੜਾ ਪਿਆ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਹਾਦਸਾ ਇਸ ਕਦਰ ਭਿਆਨਕ ਸੀ ਕਿ ਪੂਰੀ ਬਿਲਡਿੰਗ ਵਿਚ ਦਰਾਰਾਂ ਆ ਗਈਆਂ।
ਅਹਿਤਿਆਤ ਵਰਤਦਿਆਂ ਪ੍ਰਸ਼ਾਸਨ ਨੇ ਨਾਲ ਵਾਲੀਆਂ ਬਿਲਡਿੰਗਾ ਖਾਲੀ ਕਰਵਾ ਲਿਆ। ਹਾਦਸੇ ਦੇ ਕੁੱਝ ਸਮੇਂ ਬਾਅਦ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਦਰਜਨ ਦੇ ਕਰੀਬ ਗੱਡੀਆਂ ਨੇ ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।
ਇਸ ਹਾਦਸੇ ਦੇ ਦੌਰਾਨ ਫੈਕਟਰੀ ਦੇ ਅੰਦਰ ਧੂਆਂ ਵੱਧ ਹੋਣ ਕਾਰਨ ਚਾਰ ਮੁਲਾਜ਼ਮ ਬੇਹੋਸ਼ ਹੋ ਗਏ । ਬੇਹੋਸ਼ ਹੋਏ ਵਰਕਰ ਮਹਿੰਦਰ, ਅਸ਼ਵਨੀ, ਗੁਲਸ਼ਨ ਅਤੇ ਰਵਿੰਦਰ ਚੋਪੜਾ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ। ਇਸ ਹਾਦਸੇ ਦੇ ਦੌਰਾਨ ਫੈਕਟਰੀ ਮਾਲਕ ਦਾ ਵੱਡਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਲੁਧਿਆਣਾ : ਹੌਜ਼ਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਮਸਾਂ ਬੁਝਾਈ ਅੱਗ
Related Post