ਅਮਰੀਕਾ, 3 ਅਕਤੂਬਰ| ਪੂਰੀ ਦੁਨੀਆਂ ਵਿਚ ਸੈਲਫੀਆਂ ਨੇ ਲੋਕਾਂ ਨੂੰ ਪਾਗਲ ਕਰਕੇ ਰੱਖਿਆ ਹੈ। ਜਿਹੜਾ ਦੇਖੋ ਉਹੀ ਸਾਰੇ ਕੰਮ ਛੱਡ ਕੇ ਸੈਲਫੀਆਂ ਲੈਣ ਲੱਗ ਪੈਂਦਾ ਹੈ। ਹਾਲਾਤ ਬੱਦ ਤੋਂ ਬਦਤਰ ਹੁੰਦੇ ਜਾ ਰਹੇ ਹਨ।ਟੈਕਸਾਸ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਵਾਟਰ ਪਾਰਕ ਵਿੱਚ 3 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ। ਬੱਚੇ ਦੀ ਮੌਤ ਲਈ ਹੋਰ ਕੋਈ ਨਹੀਂ ਸਗੋਂ ਉਸ ਦੀ ਮਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਉਸ ਦੀ ਮਾਂ ਘੰਟਿਆਂਬੱਧੀ ਫੋਨ ‘ਤੇ ਅਤੇ ਗੀਤ ਗਾਉਣ ‘ਚ ਰੁੱਝੀ ਰਹਿੰਦੀ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਇੱਕ ਰਿਪੋਰਟ ਮੁਤਾਬਕ ਔਰਤ ਦੇ ਵਕੀਲ ਨੇ ਵਾਟਰ ਪਾਰਕ ‘ਚ ਮੌਜੂਦ ਲਾਈਫਗਾਰਡ ‘ਤੇ ਬੱਚੇ ਵੱਲ ਧਿਆਨ ਨਾ ਦੇਣ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਐਲ ਪਾਸੋ ਦੇ ਕੈਂਪ ਕੋਹੇਨ ਵਾਟਰਪਾਰਕ ਵਿਖੇ ਵਾਪਰੀ। ਦੋਸ਼ੀ ਔਰਤ ਦੀ ਪਛਾਣ ਜੈਸਿਕਾ ਵੀਵਰ (35) ਵਜੋਂ ਹੋਈ ਹੈ। ਹੁਣ ਔਰਤ ਨੂੰ ਲਾਪਰਵਾਹੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਨੂੰ ਆਪਣੇ ਇਕਲੌਤੇ ਬੱਚੇ ਐਂਥਨੀ ਲਿਓ ਮਾਲਵੇ ਦੀ ਦੁਖਦਾਈ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਘਟਨਾ ਸਮੇਂ ਪਾਰਕ ‘ਚ 18 ਲਾਈਫਗਾਰਡ ਡਿਊਟੀ ‘ਤੇ ਮੌਜੂਦ ਸਨ, ਜਿਨ੍ਹਾਂ ‘ਚੋਂ ਇਕ ਨੇ 3 ਸਾਲ ਦੇ ਬੱਚੇ ਨੂੰ ਪੂਲ ‘ਚੋਂ ਬਾਹਰ ਕੱਢਿਆ। ਤਲਾਅ 4 ਫੁੱਟ ਡੂੰਘਾ ਸੀ, ਜਿਸ ਵਿੱਚ ਬੱਚਾ ਮ੍ਰਿਤਕ ਹਾਲਤ ਵਿੱਚ ਮਿਲਿਆ। ਬੱਚੇ ਨੇ ਲਾਈਫ ਜੈਕੇਟ ਨਹੀਂ ਪਾਈ ਹੋਈ ਸੀ। ਕੈਂਪ ਕੋਹੇਨ ਵਾਟਰਪਾਰਕ ਨਿਯਮਾਂ ਮੁਤਾਬਕ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਤਜਰਬੇਕਾਰ ਤੈਰਾਕ ਵੱਲੋਂ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ, ਪਰ ਬੱਚੇ ਕੋਲ ਅਜਿਹਾ ਨਹੀਂ ਸੀ।

ਉੱਥੇ ਮੌਜੂਦ ਇੱਕ ਔਰਤ ਨੇ ਗਵਾਹੀ ਦਿੱਤੀ ਕਿ ਬੱਚੇ ਦੀ ਮਾਂ ਪੂਲ ਕੋਲ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਆਪਣੇ ਫ਼ੋਨ ਵਿੱਚ ਪੂਰੀ ਤਰ੍ਹਾਂ ਰੁੱਝੀ ਰਹੀ, ਨਾ ਤਾਂ ਉੱਪਰ ਦੇਖ ਰਹੀ ਸੀ ਅਤੇ ਨਾ ਹੀ ਕਿਸੇ ਹੋਰ ਚੀਜ਼ ਵੱਲ ਧਿਆਨ ਦੇ ਰਹੀ ਸੀ। ਇਕ ਹੋਰ ਗਵਾਹ ਨੇ ਦੱਸਿਆ ਕਿ ਔਰਤ ਪੂਲ ਦੇ ਨੇੜੇ ਲਗਾਤਾਰ ਤਸਵੀਰਾਂ ਲੈ ਰਹੀ ਸੀ।

30 ਅਗਸਤ ਨੂੰ ਦੋਸ਼ੀ ਔਰਤ ਨੂੰ ਉਸ ਦੇ ਜੱਦੀ ਸ਼ਹਿਰ ਇੰਡੀਆਨਾ ਤੋਂ ਫੜਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸਨੂੰ 22 ਸਤੰਬਰ ਨੂੰ ਐਲ ਪਾਸੋ ਕਾਉਂਟੀ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ 100,000 ਅਮਰੀਕੀ ਡਾਲਰ ਦੇ ਜ਼ਮਾਨਤ ਬਾਂਡ ‘ਤੇ ਰਿਹਾ ਕੀਤਾ ਗਿਆ ਸੀ।