ਦਿੱਲੀ| ਦਿੱਲੀ ‘ਚ ਬਜ਼ੁਰਗ ਜੋੜੇ ਦੇ ਕਤਲ ਨੂੰ ਲੈ ਕੇ ਇਕ ਦੇ ਬਾਅਦ ਇਕ ਨਿਤ ਨਵੇਂ ਖੁਲਾਸੇ ਹੋ ਰਹੇ ਹਨ। ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਸੱਸ-ਸਹੁਰੇ ਦਾ ਕਤਲ ਕਰਵਾਉਣ ਵਾਲੀ ‘ਖੂਨੀ ਨੂੰਹ’ ਦੀ ਖੌਫਨਾਕ ਸਾਜ਼ਿਸ਼ ਦੀਆਂ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।

ਪਤਾ ਲੱਗਾ ਹੈ ਕਿ ਦੋਸ਼ੀ ਨੂੰਹ ਮੋਨਿਕਾ ਵਰਮਾ (29) ਨੂੰ ਅਸ਼ੀਸ਼ (29) ਨਾਂ ਦੇ ਲੜਕੇ ਨਾਲ ਪਿਆਰ ਹੋ ਗਿਆ ਸੀ ਤੇ ਦੋਵਾਂ ਦੇ ਰਿਸ਼ਤਿਆਂ ਦੇ ਬਾਰੇ ਪਰਿਵਾਰ ਨੂੰ ਪਤਾ ਲੱਗ ਗਿਆ ਸੀ। ਪਤੀ ਤੇ ਸੱਸ-ਸਹੁਰੇ ਨੇ ਉਸਦੇ ਰਿਸ਼ਤੇ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇਸ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ।

ਪਤੀ ਨੇ ਉਸਦੀ ਸੈਕਸ ਚੈਟ ਨੂੰ ਫੜ ਲਿਆ ਤਾਂ ਉਸਦੇ ਸਮਾਰਟਫੋਨ ਰੱਖਣ ਉਤੇ ਪਾਬੰਦੀ ਲਗਾ ਦਿੱਤੀ ਗਈ। ਇਸਦੇ ਬਾਅਦ ਪਰਿਵਾਰ ਗੋਕਲਪੁਰੀ ਦਾ ਇਹ ਮਕਾਨ ਵੇਚ ਕੇ ਦੁਆਰਕਾ ਜਾਣ ਬਾਰੇ ਵਿਚਾਰ ਕਰ ਰਿਹਾ ਸੀ ਕਿ ਇਸੇ ਵਿਚਾਲੇ ਨੂੰਹ ਨੇ ਸੱਸ-ਸਹੁਰੇ ਦਾ ਕਤਲ ਕਰਵਾ ਕੇ ਇਸਨੂੰ ਲੁੱਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਪਰ ਸਾਜ਼ਿਸ਼ ਤੋਂ ਪਰਦਾ ਉੱਠਣ ਵਿਚ ਦੇਰ ਨਹੀਂ ਲੱਗੀ।

ਕਦੇ ਨੋਇਡਾ ਦੇ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਮੋਨਿਕਾ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਮੋਨਿਕਾ ਦਾ 5 ਸਾਲ ਦਾ ਬੇਟਾ ਵੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਵਿਆਹ ਦੇ ਬਾਅਦ ਤੋਂ ਉਸਨੂੰ ਆਪਣੇ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ ਸੀ ਪਰ ਲਾਕਡਾਊਨ ਲੱਗਣ ਤੋਂ ਬਾਅਦ ਉਹ ਸੋਸ਼ਲ ਮੀਡੀਆ ਉਤੇ ਜ਼ਿਆਦਾ ਐਕਟਿਵ ਹੋ ਗਈ ਸੀ। ਇਸੇ ਦੌਰਾਨ ਉਸਦੀ ਦੋਸਤੀ ਅਸ਼ੀਸ਼ ਨਾਲ ਹੋ ਗਈ।

ਕੋਰੋਨਾ ਕਾਲ (2020) ਵਿਚ ਸੋਸ਼ਲ ਚੈਟ ਨਾਲ ਹੋਈ ਦੋਸਤੀ ਜਲਦੀ ਹੀ ਗੂੜ੍ਹੇ ਰਿਸ਼ਤੇ ਵਿਚ ਬਦਲ ਗਈ। ਦੋਵੇਂ ਫੋਨ ਉਤੇ ਚੈਟ ਦੀ ਥਾਂ ਗੱਲਬਾਤ ਕਰਨ ਲੱਗੇ। ਹੌਲੀ-ਹੌਲੀ ਸੈਕਸ ਚੈਟ ਵੀ ਹੋਣ ਲੱਗੀ। ਇਸਦੇ ਬਾਅਦ ਫਰਵਰੀ 2021 ਵਿਚ ਦੋਵੇਂ ਵੈਲੇਨਟਾਈਨ ਡੇ ਉਤੇ ਇਕ ਹੋਟਲ ਵਿਚ ਮਿਲੇ।

ਇਸਦੇ ਬਾਅਦ ਦੋਵੇਂ ਗਾਜੀਆਬਾਦ ਦੇ ਵੱਖ-ਵੱਖ ਹੋਟਲਾਂ ਵਿਚ ਲੁਕ ਛਿਪ ਕੇ ਮਿਲਣ ਲੱਗੇ। ਪਿਛਲੇ ਸਾਲ ਉਹ ਅਸ਼ੀਸ਼ ਦੇ ਘਰ ਵੀ ਗਈ ਸੀ ਤੇ ਉਸਦੀ ਮਾਂ ਨੂੰ ਵੀ ਮਿਲੀ ਸੀ। ਪਰ ਜਦੋਂ ਅਸ਼ੀਸ਼ ਦੀ ਮਾਂ ਨੂੰ ਪਤਾ ਲੱਗਾ ਕਿ ਉਹ ਵਿਆਹੁਤਾ ਹੈ ਤਾਂ ਉਨ੍ਹਾਂ ਨੇ ਵੀ ਇਸ ਰਿਸ਼ਤੇ ਉਤੇ ਇਤਰਾਜ਼ ਜਤਾਇਆ ਸੀ। ਪਰ ਮੋਨਿਕਾ ਤੇ ਅਸ਼ੀਸ਼ ਹਰ ਹਾਲ ਵਿਚ ਨਾਲ ਹੀ ਰਹਿਣਾ ਚਾਹੁੰਦੇ ਸਨ।

ਪਿਛਲੇ ਸਾਲ ਅਚਾਨਕ ਇਕ ਦਿਨ ਉਸਦੇ ਪਤੀ ਰਵੀ ਨੇ ਫੋਨ ਉਤੇ ਮੋਨਿਕਾ ਦੇ ਅਸ਼ੀਸ਼ ਨਾਲ ਸੈਕਸ ਚੈਟ ਦੇਖ ਲਏ। ਮੋਨਿਕਾ ਨੇ ਪੁੱਛਗਿੱਛ ਵਿਚ ਦੱਸਿਆ ਕਿ ਇਸਤੋਂ ਬਾਅਦ ਉਸਦੀ ਹਰ ਹਰਕਤ ਉਤੇ ਨਜ਼ਰ ਰੱਖੀ ਜਾਣ ਲੱਗੀ। ਮੋਨਿਕਾ ਨੇ ਦੱਸਿਆ ਕਿ ਉਸਨੂੰ ਲੱਗਣ ਲੱਗਾ ਕਿ ਜਿਵੇਂ ਉਹ ਜੇਲ੍ਹ ਵਿਚ ਹੈ। ਉਹ ਆਪਣੀ ਜ਼ਿੰਦਗੀ ਨੂੰ ਕੰਟਰੋਲ ਕੀਤੇ ਜਾਣ ਕਾਰਨ ਦੁਖੀ ਸੀ। ਮੋਨਿਕਾ ਇਹ ਵੀ ਕਹਿੰਦੀ ਹੈ ਕਿ ਉਸਨੂੰ ਆਪਣੇ ਕੀਤੇ ਉਤੇ ਕੋਈ ਪਛਤਾਵਾ ਨਹੀਂ ਹੈ।

ਮੋਨਿਕਾ ਨੇ ਦੱਸਿਆ ਕਿ ਉਸਦੀ ਸੱਸ ਵੀਣਾ ਉਸਦੀ ਹਰ ਹਰਕਤ ਉਤੇ ਨਜ਼ਰ ਰੱਖਦੀ ਸੀ, ਜਿਸ ਕਾਰਨ ਘਰ ਵਿਚ ਅਕਸਰ ਝਗੜੇ ਹੋਣ ਲੱਗੇ ਸਨ। ਇਸਦੇ ਬਾਅਦ ਹੀ ਉਸਨੇ ਸੱਸ-ਸਹੁਰੇ ਨੂੰ ਮਾਰਨ ਦਾ ਪਲਾਨ ਤਿਆਰ ਕੀਤਾ ਸੀ।