ਰਾਜਸਥਾਨ, 29 ਸਤੰਬਰ | ਉਦੈਪੁਰ ਜ਼ਿਲੇ ਦੇ ਗੋਗੁੰਡਾ ਥਾਣਾ ਖੇਤਰ ‘ਚ ਸ਼ਨੀਵਾਰ ਨੂੰ ਸ਼ੱਕੀ ਚੀਤੇ ਦੇ ਹਮਲੇ ‘ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਗੱਟੂ ਬਾਈ (65) ਆਪਣੇ ਘਰ ਇਕੱਲੀ ਸੀ। ਸ਼ਾਮ ਨੂੰ ਜਦੋਂ ਉਸ ਦਾ ਪਤੀ ਕੰਮ ਤੋਂ ਘਰ ਪਰਤਿਆ ਤਾਂ ਉਹ ਉਸ ਨੂੰ ਨਹੀਂ ਮਿਲੀ। ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਜੰਗਲ ‘ਚ ਬਜ਼ੁਰਗ ਔਰਤ ਦੀ ਸਾੜੀ ਦੇ ਟੁਕੜੇ, ਕੁਝ ਗਹਿਣੇ ਅਤੇ ਖੂਨ ਦੇ ਨਿਸ਼ਾਨ ਮਿਲੇ ਹਨ ਅਤੇ ਔਰਤ ਦੀ ਕੱਟੀ ਹੋਈ ਲਾਸ਼ ਕੁਝ ਦੂਰੀ ‘ਤੇ ਮਿਲੀ ਹੈ।

ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਔਰਤ ਦੀ ਮੌਤ ਜਾਨਵਰਾਂ ਦੇ ਹਮਲੇ ਕਾਰਨ ਹੋਈ ਹੈ ਜਾਂ ਨਹੀਂ। ਇਸੇ ਦੌਰਾਨ ਦੇਰ ਰਾਤ ਗੋਗੁੰਡਾ ਜੰਗਲ ਵਿਚ ਇੱਕ ਚੀਤਾ ਫੜਿਆ ਗਿਆ। ਹਾਲ ਹੀ ਦੇ ਦਿਨਾਂ ਵਿਚ ਗੋਗੁੰਡਾ ਥਾਣਾ ਖੇਤਰ ਵਿਚ ਕਥਿਤ ਚੀਤੇ ਦੇ ਹਮਲੇ ਵਿਚ ਇਹ ਪੰਜਵੀਂ ਮੌਤ ਹੈ। ਇਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜੰਗਲਾਤ ਵਿਭਾਗ ਨੇ ਇਸ ਤੋਂ ਪਹਿਲਾਂ ਗੋਗੁੰਡਾ ਵਿੱਚ ਤਿੰਨ ਚੀਤੇ ਫੜੇ ਸਨ।