ਕਾਨਪੁਰ| ਸੜਕ ‘ਤੇ ਈਦ ਦੀ ਨਮਾਜ਼ ਅਦਾ ਕਰਨ ‘ਤੇ 1700 ਲੋਕਾਂ ਵਿਰੁੱਧ 3 ਥਾਣਿਆਂ ‘ਚ FIR ਦਰਜ ਕੀਤੀ ਗਈ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਪਾਬੰਦੀ ਦੇ ਬਾਵਜੂਦ 22 ਅਪ੍ਰੈਲ ਨੂੰ ਜਾਜਮਾਉ, ਬਾਬੂਪੁਰਵਾ ਅਤੇ ਵੱਡੀ ਈਦਗਾਹ ਬੇਨਾਝਬਾਰ ਦੇ ਬਾਹਰ ਸੜਕ ‘ਤੇ ਨਮਾਜ਼ ਅਦਾ ਕੀਤੀ ਗਈ ਸੀ। ਜਾਜਮਾਊ ‘ਚ 200 ਤੋਂ 300, ਬਾਬੂਪੁਰਵਾ ‘ਚ 40 ਤੋਂ 50, ਬਜਾਰੀਆ ‘ਚ 1500 ਸ਼ਰਧਾਲੂਆਂ ‘ਤੇ ਐੱਫਆਈਆਰ ਦਰਜ ਕੀਤੀ ਗਈ। ਇਨ੍ਹਾਂ ਵਿਚ ਈਦਗਾਹ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ।

ਬੇਗਮਪੁਰਵਾ ਚੌਕੀ ਦੇ ਇੰਚਾਰਜ ਬ੍ਰਿਜੇਸ਼ ਕੁਮਾਰ ਨੇ ਦੱਸਿਆ ਕਿ ਈਦ ਤੋਂ ਪਹਿਲਾਂ ਸ਼ਾਂਤੀ ਕਮੇਟੀ ਦੀ ਮੀਟਿੰਗ ਹੋਈ ਸੀ। ਇਸ ‘ਚ ਇਲਾਕੇ ਦੇ ਲੋਕਾਂ ਨੂੰ ਕਿਹਾ ਗਿਆ ਕਿ ਸੜਕ ‘ਤੇ ਨਮਾਜ਼ ਨਹੀਂ ਪੜ੍ਹੀ ਜਾਵੇਗੀ। ਈਦ ਦੀ ਨਮਾਜ਼ ਈਦਗਾਹ ਅਤੇ ਮਸਜਿਦ ਦੇ ਅੰਦਰ ਹੀ ਅਦਾ ਕੀਤੀ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਨਮਾਜ਼ੀ ਭੀੜ ਕਾਰਨ ਨਮਾਜ਼ ਤੋਂ ਖੁੰਝ ਜਾਂਦਾ ਹੈ ਤਾਂ ਪੁਲਿਸ ਵੱਲੋਂ ਉਸ ਦੀ ਨਮਾਜ਼ ਦੁਬਾਰਾ ਪੜ੍ਹਾਉਣ ਦੇ ਪ੍ਰਬੰਧ ਕੀਤੇ ਜਾਣਗੇ।

ਈਦ ਵਾਲੇ ਦਿਨ 22 ਅਪ੍ਰੈਲ ਨੂੰ ਸਵੇਰੇ 8 ਵਜੇ ਈਦਗਾਹ ‘ਚ ਨਮਾਜ਼ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਹਜ਼ਾਰਾਂ ਦੀ ਭੀੜ ਈਦਗਾਹ ਦੇ ਸਾਹਮਣੇ ਵਾਲੀ ਸੜਕ ‘ਤੇ ਇਕੱਠੀ ਹੋ ਗਈ। ਪਾਬੰਦੀ ਦੇ ਬਾਵਜੂਦ ਸਾਰਿਆਂ ਨੇ ਸੜਕ ‘ਤੇ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਹ ਨਹੀਂ ਮੰਨੇ। ਇਸ ਦੌਰਾਨ ਜ਼ਿਲ੍ਹੇ ਵਿਚ ਧਾਰਾ-144 ਵੀ ਲਾਗੂ ਸੀ। ਇਸ ਕਾਰਨ ਚੌਕੀ ਇੰਚਾਰਜ ਦੀ ਸ਼ਿਕਾਇਤ ’ਤੇ ਪੁਲਿਸ ਨੇ ਈਦਗਾਹ ਕਮੇਟੀ ਦੇ ਮੈਂਬਰਾਂ ਅਤੇ ਉਥੇ ਨਮਾਜ਼ ਅਦਾ ਕਰਨ ਵਾਲਿਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੜਕ ‘ਤੇ ਨਮਾਜ਼ ਅਦਾ ਕਰਨ ਵਾਲਿਆਂ ਦੀ ਸੀਸੀਟੀਵੀ ਫੁਟੇਜ ਤੋਂ ਪਛਾਣ ਕੀਤੀ ਜਾ ਰਹੀ ਹੈ।

ਬਾਬੂਪੁਰਵਾ ਪੁਲਿਸ ਨੇ ਧਾਰਾ-186 (ਸਰਕਾਰੀ ਕੰਮ ਵਿਚ ਵਿਘਨ ਪਾਉਣਾ, ਧਾਰਾ-188 (ਧਾਰਾ-144 ਦੀ ਉਲੰਘਣਾ ਕਰਕੇ ਭੀੜ ਇਕੱਠੀ ਕਰਨਾ), ਧਾਰਾ-283 (ਭੀੜ ਇਕੱਠੀ ਕਰਕੇ ਰਸਤਾ ਰੋਕਣਾ), ਧਾਰਾ-341 ਅਤੇ ਜਨਤਕ ਸੇਵਾ ਵਿਚ ਰੁਕਾਵਟ ਪਾਉਣਾ ਅਤੇ ਧਾਰਾ-353 ਤਹਿਤ ਕੇਸ ਦਰਜ ਕੀਤਾ ਹੈ। ਮਰਕਜੀ ਈਦਗਾਹ ਬੇਨਾਜ਼ਬਾਰ ‘ਚ ਪਾਬੰਦੀ ਦੇ ਬਾਵਜੂਦ ਬਜਰੀਆ ਥਾਣੇ ‘ਚ ਸੜਕ ‘ਤੇ ਨਮਾਜ਼ ਅਦਾ ਕਰਨ ‘ਤੇ ਈਦਗਾਹ ਕਮੇਟੀ ਅਤੇ ਇਸ ਦੇ ਮੈਂਬਰਾਂ ਸਮੇਤ 1500 ਲੋਕਾਂ ਵਿਰੁਧ ਐੱਫਆਈਆਰ ਦਰਜ ਕੀਤੀ ਗਈ।