ਚੰਡੀਗੜ੍ਹ, 22 ਫਰਵਰੀ| ਚੰਡੀਗੜ੍ਹ ਦੇ ਸੈਕਟਰ-3 ਥਾਣੇ ਦੀ ਪੁਲਿਸ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਦੇ ਦੋਸ਼ ਹੇਠ ਪੰਜਾਬ ਦੇ ਦੋ ਵਿਧਾਇਕਾਂ ਸਮੇਤ 15 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਧਾਇਕ ਪਰਗਟ ਸਿੰਘ ਤੇ ਸੁਖਵਿੰਦਰ ਸਿੰਘ ਸਮੇਤ 15 ਕਾਂਗਰਸੀਆਂ ਖ਼ਿਲਾਫ਼ ਪੁਲਿਸ ਅਧਿਕਾਰੀਆਂ ਦੀ ਕੁੱਟਮਾਰ ਕਰਨ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਇਹ ਪ੍ਰਦਰਸ਼ਨ ਦਿੱਲੀ ਵੱਲ ਕੂਚ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੇ ਵਿਰੋਧ ਵਿੱਚ ਕੀਤਾ ਗਿਆ। ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਕਾਂਗਰਸੀ ਆਗੂਆਂ ਪ੍ਰਗਟ ਸਿੰਘ, ਬਰਿੰਦਰ ਸਿੰਘ ਢਿੱਲੋਂ, ਅੰਗਦ ਸਿੰਘ ਅਤੇ ਉਦੈਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਮਾਰਚ ਕਰ ਰਹੇ ਸਨ, ਫਿਰ ਵੀ ਹਰਿਆਣਾ ਪੁਲਿਸ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ। ਉਨ੍ਹਾਂ ‘ਤੇ ਪੈਲੇਟ ਗਨ ਅਤੇ ਅੱਥਰੂ ਗੈਸ ਦੀ ਵਰਤੋਂ ਕਰਨਾ ਗਲਤ ਹੈ। ਸੈਕਟਰ-3 ਥਾਣੇ ਦੀ ਪੁਲਿਸ ਨੇ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਸਮਿਤ ਸਿੰਘ, ਖੁਸ਼ਬੂ ਜੱਟਾ, ਲਖਵਿੰਦਰ ਸਿੰਘ, ਹਰਮਨ ਸੇਖੋਂ, ਸਿਕੰਦਰ ਬੂੜਾ, ਸਚਿਨ ਨੈਨ, ਉਦੈਬੀਰ ਢਿੱਲੋਂ, ਸੁਰਜੀਤ ਸਿੰਘ, ਅੰਗਦ ਸਿੰਘ, ਸੰਜੀਵ ਸ਼ਰਮਾ ਅਤੇ ਕਰਨੈਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਰਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।