ਕਪੂਰਥਲਾ| ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਆਏ ਹੜ੍ਹ ਕਾਰਨ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉਥੇ ਹੀ ਹੁਣ ਜਾਨੀ ਨੁਕਸਾਨ ਦੀਆਂ ਖ਼ਬਰਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ।
ਅਜਿਹੀ ਹੀ ਇਕ ਖ਼ਬਰ ਕਪੂਰਥਲਾ ਦੇ ਪਿੰਡ ਕੂਕਾ ਮੰਡ ਤੋਂ ਸਾਹਮਣੇ ਆਈ ਹੈ, ਜਿਥੇ ਦੇਰ ਰਾਤ ਬਿਆਸ ਦਰਿਆ ਵਿਚ ਅਚਾਨਕ ਪਾਣੀ ਵਧ ਜਾਣ ਕਾਰਨ ਇੱਕ ਵਿਅਕਤੀ ਪਾਣੀ ‘ਚ ਰੁੜ੍ਹ ਗਿਆ। ਮ੍ਰਿਤਕ ਦੀ ਪਹਿਚਾਣ ਲਖਬੀਰ ਸਿੰਘ ਲੱਖਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਲਾਕੇ ਵਿਚ ਪਾਣੀ ਆਉਣ ਕਾਰਨ ਮੱਝ ਡੁੱਬਣ ਲੱਗ ਪਈ। ਲਖਬੀਰ ਨੇ ਮੱਝ ਨੂੰ ਬਚਾਉਣ ਲਈ ਪਾਣੀ ਵਿਚ ਛਲਾਂਗ ਮਾਰ ਦਿਤੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਲਖਬੀਰ ਸਿੰਘ ਲੱਖਾ ਦੇ ਪਰਿਵਾਰ ਮੁਤਾਬਕ ਸਵੇਰੇ ਕਰੀਬ ਚਾਰ ਵਜੇ ਜਦੋਂ ਲਖਬੀਰ ਸਿੰਘ ਲੱਖਾ ਪਾਣੀ ਵਧਣ ਕਰਕੇ ਆਪਣੀ ਮੱਝ ਨੂੰ ਬਚਾਉਣ ਲਈ ਉਸਨੂੰ ਖੋਲ੍ਹਣ ਲੱਗਾ ਤਾਂ ਖੁਦ ਵੀ ਪਾਣੀ ਵਿਚ ਰੁੜ ਗਿਆ। ਪਰਿਵਾਰ ਮੁਤਾਬਕ ਪੂਰੇ ਪਿੰਡ ਵਿਚ ਇਸ ਗੱਲ ਦਾ ਰੌਲ਼ਾ ਪੈ ਗਿਆ ਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤੇ ਪਰ ਸਵੇਰ ਤੱਕ ਕਿਸੇ ਪਾਸਿਓਂ ਕੋਈ ਮਦਦ ਨਹੀਂ ਆਈ।