ਕਪੂਰਥਲਾ | ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਕਪੂਰਥਲਾ ਜਿਲ੍ਹੇ ਵਿਚੋਂ ਗੁਜ਼ਰਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਤੇ ਜਾਮਨਗਰ ਐਕਸਪ੍ਰੈਸ ਵੇਅ ਤਹਿਤ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹਨ, ਉਹ ਤੁਰੰਤ ਸਬੰਧਿਤ ਐਸ.ਡੀ.ਐਮਜ਼ ਕੋਲੋਂ ਆਪਣਾ ਮੁਆਵਜਾ ਪ੍ਰਾਪਤ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਅੱਜ ਇੱਥੇ ਕੌਮੀ ਹਾਈਵੇ ਅਥਾਰਟੀ, ਚਾਰਾਂ ਸਬ ਡਿਵੀਜ਼ਨਾਂ ਦੇ ਐਸ.ਡੀ.ਐਮਜ਼ ਤੇ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐਕਸਪ੍ਰੈਸ ਵੇਅਜ਼ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਪਿੰਡ ਨੂੰ ਪਾਣੀ ਦੀ ਨਿਕਾਸੀ ਸਬੰਧੀ ਭਵਿੱਖ ਵਿਚ ਕਿਸੇ ਮੁਸ਼ਕਿਲ ਦਾ ਸ਼ਕ ਹੈ ਤਾਂ ਸਿੰਚਾਈ ਵਿਭਾਗ ਦੇ ਅਧਿਕਾਰੀ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰਕੇ ਇਸ ਸਬੰਧੀ ਰਿਪੋਰਟ ਪੇਸ਼ ਕਰਨ।

ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਐਕਵਾਇਰ ਕੀਤੀ ਜ਼ਮੀਨ ਬਦਲੇ ਕਿਸਾਨਾਂ ਦੀ ਅਦਾਇਗੀ ਵਿਚ ਤੇਜੀ ਲਿਆਉਣ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਐਵਾਰਡ ਪ੍ਰਾਪਤ ਕਰ ਲਏ ਹਨ ਉਨ੍ਹਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਅਗਲੀ ਫਸਲ ਦੀ ਬਿਜਾਈ ਨਾ ਕਰਨ ਲਈ ਕਿਹਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਬਾਗਬਾਨੀ ਤੇ ਜੰਗਲਾਤ ਵਿਭਾਗ ਨੂੰ ਇਨ੍ਹਾਂ ਪ੍ਰਾਜੈਕਟਾਂ ਲਈ ਮੁਲਾਂਕਣ ਰਿਪੋਰਟ 2 ਮਈ ਤੱਕ ਸੌਂਪਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਹਰੇਕ ਵਿਭਾਗ ਵਲੋਂ ਪ੍ਰਾਜੈਕਟਾਂ ਲਈ ਨੋਡਲ ਅਫਸਰ ਨਿਯੁਕਤ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਦਿੱਲੀ -ਅੰਮ੍ਰਿਤਸਰ -ਕਟੜਾ ਤੇ ਜਾਮਨਗਰ ਐਕਸਪ੍ਰੈਸ ਵੇਅ ਲਈ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਵਿਚ ਐਕਵਾਇਰ ਕੀਤੀ ਜ਼ਮੀਨ ਬਦਲੇ 94.30 ਫੀਸਦੀ ਰਕਮ ਕਿਸਾਨਾਂ ਨੂੰ ਵੰਡੀ ਜਾ ਚੁੱਕੀ ਹੈ ਜਦਕਿ ਭੁਲੱਥ ਵਿਚ 66 ਫੀਸਦੀ ਤੇ ਕਪੂਰਥਲਾ ਵਿਚ 36 ਫੀਸਦੀ ਰਕਮ ਵੰਡੀ ਜਾ ਚੁੱਕੀ ਹੈ।

ਮੀਟਿੰਗ ਦੌਰਾਨ ਐਸ.ਡੀ.ਐਮ ਕਪੂਰਥਲਾ ਡਾ. ਜੈਇੰਦਰ ਸਿੰਘ, ਭੁਲੱਥ ਸ਼੍ਰੀਮਤੀ ਸ਼ਾਇਰੀ ਮਲਹੋਤਰਾ, ਸੁਲਤਾਨਪੁਰ ਲੋਧੀ ਰਣਦੀਪ ਸਿੰਘ , ਫਗਵਾੜਾ ਕੁਲਪ੍ਰੀਤ ਸਿੰਘ, ਕੌਮੀ ਹਾਈਵੇ ਅਥਾਰਟੀ ਦੇ ਡਿਪਟੀ ਮੈਨੇਜ਼ਰ ਨਵਰੀਤ ਸਿੰਘ, ਕਾਰਜਕਾਰੀ ਇੰਜੀ ਵੀ.ਕੇ. ਕਪੂਰ, ਪ੍ਰਾਜੈਕਟ ਮੈਨੇਜ਼ਰ ਸ਼ੁਸ਼ੀਲ ਕੁਮਾਰ, ਪ੍ਰਾਜੈਕਟ ਡਾਇਰੈਕਟਰ ਲੁਧਿਆਣਾ ਸੰਤੋਸ਼, ਪ੍ਰਾਜੈਕਟ ਡਾਇਰੈਕਟਰ ਜਲੰਧਰ ਹਿਮੇਸ਼ ਮਿੱਤਲ , ਜਿਲ੍ਹਾ ਮਾਲ ਅਫਸਰ ਜਸ਼ਨਜੀਤ ਸਿੰਘ ਤੇ ਹੋਰ ਹਾਜ਼ਰ ਸਨ।