ਜੰਮੂ-ਕਸ਼ਮੀਰ | ਪੁਲਿਸ ਨੇ ਸਰਹੱਦ ਪਾਰੋਂ 2 ਨਸ਼ਾ ਤਸਕਰਾਂ ਤੋਂ 70 ਕਰੋੜ ਰੁਪਏ ਦੀ 11 ਕਿਲੋ ਹੈਰੋਇਨ ਅਤੇ 11.82 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਦੋਵਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਭੇਜੀ ਗਈ ਹੈ। ਦੋਵਾਂ ਤੋਂ ਗਿਰੋਹ ਦੇ ਹੋਰਨਾਂ ਮੈਂਬਰਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਤਸਕਰ ਸ਼੍ਰੀਨਗਰ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੇ ਹਨ। ਖਾਸ ਸੂਚਨਾ ਦੇ ਆਧਾਰ ‘ਤੇ ਸ਼੍ਰੀਨਗਰ ਪੁਲਿਸ ਨੇ ਰਾਜਬਾਗ ਸਥਿਤ ਗੁਲਾਮ ਮੁਹੰਮਦ ਡਾਰ ਦੇ ਘਰ ਛਾਪਾ ਮਾਰਿਆ।
ਤਲਾਸ਼ੀ ਦੌਰਾਨ 11.089 ਕਿਲੋ ਹੈਰੋਇਨ ਅਤੇ 11 ਲੱਖ 82 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਦੌਰਾਨ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਇਲਾਕੇ ਦੇ ਪਿੰਡ ਨਚਾਇਣ ਵਾਸੀ ਸੱਜਾਦ ਅਹਿਮਦ ਬਦਾਨਾ ਅਤੇ ਅਮਰੋਈ ਦੇ ਜ਼ਹੀਰ ਅਹਿਮਦ ਟੈਂਚ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਇਹ ਰਕਮ ਹੈਰੋਇਨ ਦੀ ਵਿਕਰੀ ਤੋਂ ਇਕੱਠੀ ਕੀਤੀ ਗਈ ਹੈ। ਦੋਵਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਧੰਦੇ ਵਿਚ ਹਨ। ਦੱਸ ਦਈਏ ਕਿ ਸਰਹੱਦ ਪਾਰ ਤੋਂ ਲਗਾਤਾਰ ਨਾਰਕੋ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੁਪਵਾੜਾ, ਬਾਂਦੀਪੋਰਾ ਅਤੇ ਬਾਰਾਮੂਲਾ ਵਿਚ ਐਲਓਸੀ ਤੋਂ ਡਰੱਗ ਤਸਕਰੀ ਦੇ ਕਈ ਮਾਮਲੇ ਪਹਿਲਾਂ ਵੀ ਫੜੇ ਜਾ ਚੁੱਕੇ ਹਨ।