ਜਲੰਧਰ, 1 ਜਨਵਰੀ | ਕਪੂਰਥਲਾ ਰੋਡ ‘ਤੇ ਟਰੈਕਟਰ ਟਰਾਲੀ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਤਰੁਣ ਕੁਮਾਰ ਵਾਸੀ ਕਿਲਾ ਮੁਹੱਲਾ ਆਪਣੀ ਐਕਟਿਵਾ ‘ਤੇ ਸਵਾਰ ਸੀ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਵਾਸੀ ਕਿਲਾ ਮੁਹੱਲਾ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਨੀਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਤਰੁਣ ਕੁਮਾਰ ਐਕਟਿਵਾ ’ਤੇ ਕਪੂਰਥਲਾ ਚੌਕ ਨੇੜੇ ਜਾ ਰਿਹਾ ਸੀ। ਇਸ ਦੌਰਾਨ ਟਰੈਕਟਰ ਟਰਾਲੀ ਚਲਾ ਰਹੇ ਵਿਅਕਤੀ ਨੇ ਲਾਪ੍ਰਵਾਹੀ ਨਾਲ ਉਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਿਆ। ਉਸ ਦੇ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਐਕਟਿਵਾ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸਭ ਤੋਂ ਪਹਿਲਾਂ ਲਾਸ਼ ਅਤੇ ਹਾਦਸੇ ਵਿਚ ਨੁਕਸਾਨੇ ਵਾਹਨ ਨੂੰ ਸਾਈਡ ’ਤੇ ਤਬਦੀਲ ਕਰ ਦਿੱਤਾ। ਪੁਲਿਸ ਮੁਲਜ਼ਮ ਦੀ ਪਛਾਣ ਕਰਨ ਲਈ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।