ਟੈਂਕੀ ‘ਤੇ ਡਟੇ ਹੋਏ ਨੇ 2 ਬੇਰੋਜ਼ਗਾਰ ਅਧਿਆਪਕ

ਜਲੰਧਰ | ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ਦਾ ਸਥਾਨਕ ਬੱਸ ਸਟੈਂਡ ‘ਚ ਪਾਣੀ ਵਾਲੀ ਟੈਂਕੀ ਉੱਤੇ ਤੇ ਹੇਠਾਂ ਪਿਛਲੇ 55 ਦਿਨਾਂ ਤੋਂ ਮੋਰਚਾ ਜਾਰੀ ਹੈ।

ਕੜਾਕੇ ਦੀ ਠੰਡ ਵਿੱਚ ਵੀ ਮੁਨੀਸ਼ ਕੁਮਾਰ ਤੇ ਜਸਵੰਤ ਸਿੰਘ ਘੁਬਾਇਆ ਟੈਂਕੀ ‘ਤੇ ਬੈਠੇ ਹੋਏ ਹਨ। ਉਂਝ ਮੁਨੀਸ਼ ਕੁਮਾਰ ਆਪਣੇ ਰੋਜ਼ਗਾਰ ਲਈ ਪਹਿਲਾਂ 28 ਅਕਤੂਬਰ ਤੱਕ 68 ਦਿਨ ਉਸ ਵੇਲੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਦੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠਾ ਰਿਹਾ।

ਬੇਰੋਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਮੰਗ ਹੈ ਕਿ ਸਮਾਜਿਕ ਸਿੱਖਿਆ, ਹਿੰਦੀ ਤੇ ਪੰਜਾਬੀ ਦੀਆਂ ਘੱਟੋ-ਘੱਟ 9000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।

ਇਸ ਮੰਗ ਨੂੰ ਲੈ ਕੇ ਅਨੇਕਾਂ ਵਾਰ ਸਥਾਨਕ ਦਸਮੇਸ਼ ਨਗਰ ਵਿੱਚ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਅੱਗੇ ਬੇਰੋਜ਼ਗਾਰਾਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ ਤੇ ਅਨੇਕਾਂ ਵਾਰ ਮੂੰਹ ਹਨੇਰੇ ਹੀ ਬੇਰੋਜ਼ਗਾਰਾਂ ਨੇ ਕੋਠੀ ਦਾ ਘਿਰਾਓ ਕੀਤਾ ਹੈ, ਜਿਸ ਉਪਰੰਤ ਮਾਸਟਰ ਕੇਡਰ ਦੀ ਭਰਤੀ ਲਈ ਸਿੱਖਿਆ ਮੰਤਰੀ ਨੇ 31 ਦਸੰਬਰ 2022 ਤੱਕ ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਉੱਤੇ ਭਰਤੀ ਕਰਨ ਦੇ ਅਨੇਕਾਂ ਵਾਰ ਐਲਾਨ ਕੀਤੇ।

ਅਮਲੀ ਰੂਪ ਵਿੱਚ ਕੁਝ ਨਾ ਹੋਣ ਤੋਂ ਖਫਾ ਬੇਰੋਜ਼ਗਾਰਾਂ ਨੇ ਅਨੇਕਾਂ ਥਾਵਾਂ ਉੱਤੇ ਜਨਤਕ ਸਮਾਗਮਾਂ ਅੰਦਰ ਸਿੱਖਿਆ ਮੰਤਰੀ, ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਨਾਅਰੇਬਾਜ਼ੀ ਕੀਤੀ ਹੈ।

ਬੀਤੇ ਦਿਨੀਂ ਸਥਾਨਕ ਸ਼ਹਿਰ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਵੀ ਬੇਰੋਜ਼ਗਾਰਾਂ ਵੱਲੋਂ ਘਿਰਾਓ ਕੀਤੇ ਜਾਣ ਦੇ ਅੰਦਾਜ਼ੇ ਸਨ ਪਰ ਉਸੇ ਸਵੇਰ ਹੀ ਸਰਕਾਰ ਵੱਲੋਂ ਮਾਸਟਰ ਕੇਡਰ ਦੀਆਂ 4185 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ, ਜਿਸ ਕਾਰਨ ਚੰਨੀ ਦਾ ਸਮਾਗਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ਪਰ ਕਰੀਬ ਇਕ ਹਫਤਾ ਬੀਤਣ ਉਪਰੰਤ ਵੀ ਇਸ਼ਤਿਹਾਰ ਵਿੱਚ ਅਸਾਮੀਆਂ ਦੀ ਵਿਸ਼ਾ ਵਾਰ ਗਿਣਤੀ ਜਨਤਕ ਨਹੀਂ ਹੋਈ।

ਬੇਰੋਜ਼ਗਾਰਾਂ ਨੂੰ ਖਦਸ਼ਾ ਹੈ ਕਿ ਪਿਛਲੀ 3704 ਮਾਸਟਰ ਕੇਡਰ ਦੀ ਭਰਤੀ ਵਿੱਚ ਉਕਤ ਵਿਸ਼ਿਆਂ ਦੀਆਂ ਮਾਮੂਲੀ ਕਰੀਬ 150 ਪੋਸਟਾਂ ਸਨ, ਉਸ ਵਾਂਗ ਹੀ ਭਵਿੱਖ ਵਿੱਚ ਵਾਪਰੇਗਾ, ਜਿਸ ਨੂੰ ਲੈ ਕੇ ਬੀਤੇ ਦਿਨੀਂ ਕੀਤੇ ਐਲਾਨ ਮੁਤਾਬਕ ਬੇਰੋਜ਼ਗਾਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ 22 ਦਸੰਬਰ ਨੂੰ ਸਮੂਹਿਕ ਆਤਮਦਾਹ ਕਰਨਗੇ।

ਬੇਰੋਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰ ਉਕਤ ਵਿਸ਼ਿਆਂ ਨਾਲ ਪਿਛਲੇ ਸਮੇਂ ਤੋਂ ਹੀ ਪੱਖਪਾਤ ਕਰਦੀ ਆ ਰਹੀ ਹੈ। ਪਹਿਲਾਂ ਵੀ 25000 ਤੋਂ ਵੱਧ ਗਿਣਤੀ ਬੇਰੋਜ਼ਗਾਰਾਂ ਲਈ ਮਹਿਜ਼ 150 ਅਸਾਮੀਆਂ ਦਿੱਤੀਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਆਉਂਦੇ ਸਮੇਂ 4185  ਅਸਾਮੀਆਂ ਦੇ ਇਸ਼ਤਿਹਾਰ ਵਿੱਚ ਵੀ ਅਜਿਹਾ ਵਾਪਰਨ ਦਾ ਡਰ ਹੈ। ਯੂਨੀਅਨ ਵੱਲੋਂ ਕਰੀਬ ਇਕ ਹਫਤੇ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਵਿਸ਼ਾ ਵਾਰ ਅਸਾਮੀਆਂ ਦੀ ਜਾਣਕਾਰੀ ਦੇ ਕੇ ਲਿਖਤੀ ਪ੍ਰੀਖਿਆ ਦੀ ਤਰੀਕ ਨਿਸ਼ਚਿਤ ਕੀਤੀ ਜਾਵੇ ਪਰ ਸਰਕਾਰ ਟਾਲਮਟੋਲ ਕਰਕੇ ਸਮਾਂ ਟਪਾਉਣ ਦੀ ਫਿਰਾਕ ਵਿੱਚ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਅਜਿਹੀ ਇੱਛਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕੀਤੇ ਐਲਾਨ ਅਨੁਸਾਰ 22 ਦਸੰਬਰ ਬੁੱਧਵਾਰ ਨੂੰ ਦੁਪਹਿਰ ਕਰੀਬ 12 ਵਜੇ ਬੇਰੋਜ਼ਗਾਰਾਂ ਦਾ ਵੱਡਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਾ ਕੇ ਸਮੂਹਿਕ ਆਤਮਦਾਹ ਕਰੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਕਾਂਗਰਸ ਦੀ ਚੰਨੀ ਸਰਕਾਰ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਹੋਵੇਗੀ, ਜਿਹੜੇ ਕਿ ਯੋਗਤਾ ਅਨੁਸਾਰ ਰੋਜ਼ਗਾਰ ਮੰਗਦੇ ਬੇਰੋਜ਼ਗਾਰਾਂ ਨੂੰ ਖੱਜਲ-ਖੁਆਰ ਕਰ ਰਹੇ ਹਨ।