ਮਾਸਕ ਨਾ ਪਹਿਨਣ ਵਾਲਿਆਂ ਖਿਲਾਫ਼ ਸ਼ਖਤੀ ਰਹੇਗੀ ਜਾਰੀ- ਐਸ.ਐਸ.ਪੀ.
ਜਲੰਧਰ. ਪੰਜਾਬ ਸਰਕਾਰ ਵਲੋਂ ਮਾਸਕ ਪਹਿਨਣ ਸਬੰਧੀ ਜਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸ਼ਖਤੀ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਵਲੋਂ ਅੱਜ ਬੁੱਧਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ 374 ਲੋਕਾਂ ਦੇ ਚਲਾਨ ਕਰਕੇ 74800 ਰੁਪਏ ਪੈਨੇਲਟੀ ਵਜੋਂ ਵਸੂਲ ਕੀਤੇ ਗਏ। ਭੋਗਪੁਰ ਵਿਖੇ ਵਿਸ਼ੇਸ਼ ਮੁਹਿੰਮ ਦੀ ਆਪ ਮੋਹਰੇ ਹੋ ਕੇ ਅਗਵਾਈ ਕਰਦਿਆਂ ਐਸ.ਐਸ.ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਵਲੋਂ ਪੁਲਿਸ ਪਾਰਟੀ ਨਾਲ ਜਾਂਚ ਕੀਤੀ ਗਈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ।
ਜਾਂਚ ਦੌਰਾਨ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਨਵੇਂ ਵਿਆਹੇ ਜੋੜੇ ਨੂੰ ਐਕਟਿਵਾ ਸਕੂਟਰ ‘ਤੇ ਬਿਨਾਂ ਮਾਸਕ ਘੁੰਮਦੇ ਰੋਕਿਆ ਗਿਆ ਅਤੇ ਉਨਾਂ ਨੂੰ ਮਾਸਕ ਦਿੰਦਿਆਂ ਚਿਤਾਵਨੀ ਦੇ ਕੇ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਫਿਲੌਰ ਵਿਖੇ 28 ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ ਇਸੇ ਤਰ੍ਹਾਂ ਗੁਰਾਇਆਂ 27, ਬਿਲਗਾ 15, ਨਕੋਦਰ ਸਦਰ 20, ਨਕਦੋਰ ਸ਼ਹਿਰ 15, ਨੂਰਮਹਿਲ 50, ਸ਼ਾਹਕੋਟ 57, ਲੋਹੀਆਂ 36, ਮਹਿਤਪੁਰ 35, ਕਰਤਾਰਪੁਰ 15, ਮਕਸੂਦਾਂ 10, ਲਾਂਬੜਾ 20, ਆਦਮਪੁਰ 14, ਭੋਗਪੁਰ 17 ਅਤੇ ਪਤਾਰਾ ਵਿਖੇ 15 ਵਿਅਕਤੀਆਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਲੰਘਣਾ ਕਰਨ ਵਾਲਿਆਂ ‘ਤੇ 200 ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਮਾਹਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਕੋਰੋਨਾ ਵਾਇਰਸ ਨੂੰ ਲਗਾਏ ਗਏ ਕਰਫ਼ਿਊ ਨੂੰ ਉਠਾਏ ਜਾਣ ਕਰਕੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਜਿੰਮੇਵਾਰੀ ਵੱਧ ਗਈ ਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੌਰਾਨ ਵਿੱਚ ਮਾਸਕ ਪਹਿਨਣ ਦੇ ਨਾਲ ਨਾਲ ਸਮਾਜਿਕ ਦੌਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।
ਮਾਹਲ ਨੇ ਪੰਜਾਬ ਸਰਕਾਰ ਵਲੋਂ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਲੋਕਾਂ ਦੀ ਸਮਾਜਿਕ ਜਿੰਮੇਵਾਰੀ ਬਣਦੀ ਹੈ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਰੋਬਾਰ ਆਮ ਵਾਂਗ ਹੋਣ ਕਰਕੇ ਲੋਕਾਂ ਦੀਆਂ ਜਿੰਮੇਵਾਰੀਆਂ ਵਿੱਚ ਵਾਧਾ ਹੋਇਆ ਹੈ।