ਜਲੰਧਰ. ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝਿਜਕਣ ਨਾ, ਬਲਕਿ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਅਤੇ ਟੈਸਟ ਕਰਵਾਉਣ ਲਈ ਪਹਿਲਕਦਮੀ ਦਿਖਾਉਣ, ਤਾਂ ਜੋ ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।

ਸਿਵਲ, ਸਿਹਤ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਥੋਰੀ ਨੇ ਕਿਹਾ ਕਿ ਕੋਰੋਨਾ ਦਾ ਜਲਦੀ ਪਤਾ ਲਗਾਉਣ ਨਾਲ ਇਸਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਟੇਨਮੈਂਟ, ਸੰਪਰਕ ਟਰੇਸਿੰਗ ਅਤੇ ਨਿਗਰਾਨੀ ਕੋਰੋਨਾ ਨਾਲ ਨਜਿੱਠਣ ਲਈ ਮੁੱਖ ਹਥਿਆਰ ਹਨ।

ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਸੈਂਪਲਾਂ ਦੀ ਸਮਰੱਥਾ ਨੂੰ 2000 ਤੱਕ ਵਧਾਉਣ, ਤਾਂ ਜੋ ਪੋਜ਼ੀਟਿਵ ਕੇਸਾਂ ਦਾ ਪਤਾ ਲਗਾ ਕੇ ਜਲਦੀ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਇਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਉਨ੍ਹਾਂ  ਸਿਹਤ ਵਿਭਾਗ ਨੂੰ ਕੰਟੇਨਮੈਂਟ ਅਤੇ ਮਾਈਕਰੋ-ਕੰਟੇਨਮੈਂਟ ਜ਼ੋਨਾਂ ਦੀ ਜਾਂਚ ਕਰਦੇ ਰਹਿਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਅਤੇ  ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਮਾਸਕ ਅਤੇ ਹੱਥਾਂ ਨੂੰ ਸਮੇਂ ਸਮੇਂ ‘ਤੇ ਧੋਣ ਵਰਗੀਆਂ ਸਾਵਧਾਨੀਆਂ ਵਰਤਦੇ ਰਹਿਣ ਦੀ ਅਪੀਲ ਵੀ ਕੀਤੀ।

ਇਸ ਦੌਰਾਨ, ਸ਼ਹਿਰ ਦੇ ਕੋਵਿਡ -19 ਤੋਂ ਠੀਕ ਹੋਏ ਲੋਕਾਂ ਦੀ ਕੁਲ ਗਿਣਤੀ 2407 ਤੱਕ ਪਹੁੰਚ ਗਈ, ਜਦੋਂ ਕਿ 72 ਹੋਰ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਅਤੇ ਕੁਝ ਮਰੀਜ਼ਾਂ ਨੇ ਹੋਮ ਕੁਆਰਨਟੀਨ ਵੀ ਪੂਰਾ ਕੀਤਾ।

ਅੱਜ, ਛੁੱਟੀ ਵਾਲੇ 72 ਮਰੀਜ਼ਾਂ ਵਿੱਚ ਕੋਵਿਡ ਕੇਅਰ ਸੈਂਟਰ ਦੇ ਸੱਤ, ਸਿਵਲ ਹਸਪਤਾਲ ਦੇ 11, ਮਿਲਟਰੀ ਹਸਪਤਾਲ ਦੇ ਇੱਕ, ਨਿੱਜੀ ਹਸਪਤਾਲਾਂ ਵਿੱਚੋਂ 13 ਅਤੇ ਘਰਾਂ ਵਿੱਚ ਇਕਾਂਤਵਾਸ ਰਹਿਣ ਵਾਲੇ 40 ਮਰੀਜ਼ ਸ਼ਾਮਲ ਹਨ। ਠੀਕ ਹੋਏ ਮਰੀਜ਼ਾਂ ਨੇ ਆਪਣੇ ਇਲਾਜ ਦੌਰਾਨ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੀ ਮਿਹਨਤ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਵੀ ਕੀਤੀ।