ਜਲੰਧਰ, ਕਰਤਾਰਪੁਰ, 1 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਟੂਣੇ ਦਾ ਸ਼ੱਕ ਕਰਕੇ ਭਰਾ ਤੇ ਆਪਣਾ ਵਿਆਹ ਨਾ ਹੋਣ ਕਾਰਨ ਰਿਸ਼ਤੇ ਵਿਚ ਲੱਗਦੀ ਦਾਦੀ ਦਾ ਪੋਤੇ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ 24 ਘੰਟਿਆਂ ਵਿਚ ਹੀ ਮਾਮਲਾ ਹੱਲ ਕਰ ਲਿਆ ਹੈ। ਆਰੋਪੀ ਨੀਰਜ ਕੁਮਾਰ ਨੂੰ ਪੁਲਿਸ ਨੇ ਸਕੂਟਰੀ ‘ਤੇ ਖੂਨ ਨਾਲ ਲਿਬੜੀ ਸ਼ਰਟ ਦੇ ਆਧਾਰ ਉਤੇ ਫੜਿਆ ਹੈ।

ਤਫਤੀਸ਼ ਵਿਚ ਗੱਲ ਸਾਹਮਣੇ ਆਈ ਕਿ ਆਰੋਪੀ ਨੀਰਜ ਕੁਮਾਰ ਨੂੰ ਸ਼ੱਕ ਸੀ ਕਿ ਮ੍ਰਿਤਕਾ ਸੁਰਿੰਦਰ ਕੌਰ ਜੋ ਸ਼ਰੀਕੇ ਵਿਚ ਉਸਦੀ ਦਾਦੀ ਲੱਗਦੀ ਹੈ, ਉਨ੍ਹਾਂ ਦੇ ਘਰ ਟੂਣੇ ਕਰਦੀ ਹੈ, ਜਿਸ ਕਰਕੇ ਦੋਸ਼ੀ ਅਤੇ ਉਸਦੇ ਭਰਾ ਦਾ ਵਿਆਹ ਨਹੀਂ ਹੋ ਰਿਹਾ। ਉਸ ਦੀ ਮਾਂ ਅਤੇ ਉਨ੍ਹਾਂ ਦੇ ਘਰ ਵਿਚ ਰੱਖੇ ਜਾਨਵਰ ਵਾਰ-ਵਾਰ ਬੀਮਾਰ ਹੋ ਰਹੇ ਸਨ। ਉਸ ਨੂੰ ਸ਼ੱਕ ਸੀ ਕਿ ਇਹ ਸਭ ਕੁਝ ਸੁਰਿੰਦਰ ਕੌਰ ਵੱਲੋਂ ਕੀਤੇ ਟੂਣੇ ਕਾਰਨ ਹੋ ਰਿਹਾ ਹੈ। ਇਸ ਲਈ ਆਰੋਪੀ ਨੇ ਰੰਜਿਸ਼ਨ ਕਤਲ ਕਰ ਦਿੱਤਾ।

ਇਸ ਮਾਮਲੇ ਵਿਚ ਕਰਤਾਰਪੁਰ ਪੁਲਿਸ ਵੱਲੋਂ 28 ਤਰੀਕ ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਗੁਰਮੀਤ ਰਾਮ ਵਾਸੀ ਆਰਿਆ ਨਗਰ ਕਰਤਾਰਪੁਰ ਵੱਲੋਂ ਉਸ ਦੀ ਪਤਨੀ ਸੁਰਿੰਦਰ ਕੌਰ ਅਤੇ ਉਸਦੀ ਲੜਕੀ ਮੀਨਾ ਰਾਣੀ ਉਤੇ ਹਮਲਾ ਹੋਣ ਦੀ ਗੱਲ ਆਖੀ ਗਈ ਸੀ ਤੇ ਇਹ ਮਾਮਲਾ ਪਹਿਲਾਂ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਸੁਰਿੰਦਰ ਕੌਰ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਕਰਤਾਰਪੁਰ ਪੁਲਿਸ ਵੱਲੋਂ ਡੀਐਸਪੀ ਬਲਵੀਰ ਸਿੰਘ ਦੀ ਅਗਵਾਈ ਵਿਚ ਮਾਮਲੇ ਨੂੰ ਟਰੇਸ ਕੀਤਾ ਤੇ ਆਰੋਪੀ ਨੂੰ ਗ੍ਰਿਫਤਾਰ ਕੀਤਾ।