ਜਲੰਧਰ/ਫਿਲੌਰ, 6 ਜਨਵਰੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। 2 ਦਿਨ ਦੇ ਬੱਚੇ ਤੇ ਮਾਂ ਨੂੰ ਕੜਾਕੇ ਦੀ ਠੰਡ ’ਚ ਕਮਰੇ ਤੋਂ ਬਾਹਰ ਕੱਢਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ’ਚ ਲਾਸ਼ ਪੋਸਟਮਾਰਟਮ ਲਈ ਸ਼ਮਸ਼ਾਨਘਾਟ ’ਚੋਂ ਕਢਵਾਈ ਗਈ। ਐੱਸਡੀਐੱਮ ਨਕੋਦਰ, ਨਾਇਬ ਤਹਿਸੀਦਾਰ ਫਿਲੌਰ ਤੇ ਜਾਂਚ ਅਧਿਕਾਰੀ ਦੀ ਮੌਜੂਦਗੀ ’ਚ ਦਫਨਾਈ ਗਈ ਲਾਸ਼ ਬਾਹਰ ਕੱਢ ਕੇ ਸਿਵਲ ਹਸਪਤਾਲ ਭੇਜੀ ਗਈ। ਅੱਜ ਡਾਕਟਰਾਂ ਦਾ ਪੈਨਲ ਲਾਸ਼ ਦਾ ਪੋਸਟਮਾਰਟਮ ਕਰੇਗਾ। ਅਦਾਲਤ ਨੇ ਬੱਚੇ ਦੀ ਮਾਂ ਦੀ ਸਹਿਮਤੀ ਤੋਂ ਬਾਅਦ ਲਾਸ਼ ਦੇ ਪੋਸਟਮਾਰਟਮ ਦਾ ਆਦੇਸ਼ ਦਿੱਤਾ। ਪੀੜਤ ਮਾਂ ਸੰਗੀਤਾ ਨੂੰ ਇਨਸਾਫ ਦਿਵਾਉਣ ਲਈ ਸਮਾਜ ਸੇਵੀ ਐਡਵੋਕੇਟ ਸੁਨੀਲ ਮੱਲ੍ਹਣ ਤੇ ਕ੍ਰਿਸ਼ਨ ਲਾਲ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ।

ਅਦਾਲਤ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਐੱਸਡੀਐੱਮ ਨਕੋਦਰ ਗੁਰਸਿਮਰਨ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਸੁਨੀਤਾ ਖੁੱਲਰ ਤੇ ਅੱਪਰਾ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਸ਼ੁੱਕਰਵਾਰ ਰਾਤ ਨੂੰ ਲਾਸ਼ ਕਬਰ ’ਚੋਂ ਬਾਹਰ ਕਢਵਾਈ। ਸਾਲੀ ਨਾਲ ਇਕ-ਪਾਸੜ ਪਿਆਰ ’ਚ ਮੁਲਜ਼ਮ ਸਾਲੀ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ। ਦੱਸ ਦਈਏ ਕਿ ਜ਼ਿੱਦ ਪੂਰੀ ਨਾ ਹੁੰਦੀ ਦੇਖ ਕੇ ਮੁਲਜ਼ਮ ਨੇ ਪਤਨੀ ਤੇ 2 ਦਿਨ ਦੇ ਬੱਚੇ ਨੂੰ ਕੜਾਕੇ ਦੀ ਠੰਡ ’ਚ ਕਮਰੇ ਤੋਂ ਬਾਹਰ ਕੱਢ ਦਿੱਤਾ ਸੀ। 2 ਦਿਨ ਔਰਤ ਆਪਣੇ ਬੱਚੇ ਨੂੰ ਲੈ ਕੇ ਠੰਡ ’ਚ ਬਾਹਰ ਬੈਠੀ ਰਹੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਮੁਲਜ਼ਮ ਨੇ ਬੱਚੇ ਨੂੰ ਦਫਨਾ ਦਿੱਤਾ। ਕਾਫੀ ਰੌਲਾ ਪੈਣ ਤੋਂ ਬਾਅਦ ਚੌਕੀ ਅੱਪਰਾ ’ਚ ਮੁਲਜ਼ਮ ਖ਼ਿਲਾਫ ਕੇਸ ਦਰਜ ਕੀਤਾ ਗਿਆ ਪਰ 16 ਦਿਨ ਬੀਤਣ ਉਪਰੰਤ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਵੇਖੋ ਵੀਡੀਓ

ਭੈਣ ’ਤੇ ਹੋਏ ਅੱਤਿਆਚਾਰ ਖ਼ਿਲਾਫ ਕਮਲੇਸ਼ ਨੇ ਮੁਲਜ਼ਮ ਜੀਜੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੀੜਤ ਸੰਗੀਤਾ ਨਾਲ ਹੋਏ ਅੱਤਿਆਚਾਰ ਤੋਂ ਬਾਅਦ ਸਮਾਜ ਸੇਵੀ ਐਡਵੋਕੇਟ ਸੁਨੀਲ ਮੱਲ੍ਹਣ ਨੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਲਈ ਅਦਾਲਤ ’ਚ ਅਪੀਲ ਕੀਤੀ ਸੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫਿਲੌਰ ਦੇ ਪਿੰਡ ਚੱਕ ਸਾਹਬੂ ਵਿਖੇ ਸੰਗੀਤਾ ਨਾਮਕ ਇਕ ਮਹਿਲਾ ਨੇ ਆਪਣੇ 2 ਦਿਨਾਂ ਦੇ ਪੁੱਤਰ ਦੀ ਮੌਤ ਹੋਣ ਦਾ ਅਤੇ ਉਸ ਉਪਰ ਅੱਤਿਆਚਾਰ ਕਰਨ ਦਾ ਦੋਸ਼ ਆਪਣੇ ਪਤੀ ਜੀਤੂ ਉਤੇ ਲਗਾਇਆ ਸੀ। ਉਸ ਦਾ ਕਹਿਣਾ ਸੀ ਕਿ ਉਸਦੇ ਪਤੀ ਨੇ ਕੁਝ ਦਿਨ ਪਹਿਲਾਂ ਨਵਜਨਮੇ ਪੁੱਤਰ ਅਤੇ ਉਸਨੂੰ ਠੰਡ ਵਿਚ ਬਾਹਰ ਵਰਾਂਡੇ ਵਿਚ ਪਾ ਦਿੱਤਾ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਖਾਣ ਨੂੰ ਕੁਝ ਨਹੀਂ ਦਿੱਤਾ ਸੀ, ਜਿਸ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ, ਜਿਸ ਦੀ ਸ਼ਿਕਾਇਤ ਅੱਪਰਾ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਨਾਲ ਮਾਣਯੋਗ ਅਦਾਲਤ ਵਿਚ ਬੱਚੇ ਦੀ ਮੌਤ ਦਾ ਕਾਰਨ ਜਾਣਨ ਲਈ ਇਕ ਦਰਖਾਸਤ ਦਾਖਲ ਕੀਤੀ ਸੀ।

ਪ੍ਰਸ਼ਾਸਨਨਿਕ ਅਧਿਕਾਰੀਆਂ ਦੀ ਦੇਖ-ਰੇਖ ਹੇਠ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ, ਮਾਣਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।