ਜਗਰਾਓਂ/ਲੁਧਿਆਣਾ, 21 ਜਨਵਰੀ | ਜਗਰਾਓਂ ਦੇ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਮੈਰਿਜ ਪੈਲੇਸ ‘ਚ ਬੇਟੇ ਦੇ ਵਿਆਹ ਲਈ ਰੱਖੀ ਪਾਰਟੀ ‘ਚੋਂ ਪੈਸਿਆਂ ਨਾਲ ਭਰਿਆ ਬੈਗ ਗਾਇਬ ਹੋਣ ‘ਤੇ ਹਫੜਾ-ਦਫੜੀ ਮਚ ਗਈ। ਕਾਫੀ ਦੇਰ ਭਾਲ ਕਰਨ ਤੋਂ ਬਾਅਦ ਵੀ ਬੈਗ ਨਹੀਂ ਮਿਲਿਆ। ਇਸ ਲਈ ਪੀੜਤ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੈਲੇਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਨਾਲ ਪਾਰਟੀ ਵਿਚ ਆਏ ਫੋਟੋਗ੍ਰਾਫਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਬੈਗ ਚੋਰੀ ਕਰਨ ਵਾਲੇ ਵਿਅਕਤੀ ਬਾਰੇ ਕੋਈ ਸੁਰਾਗ ਮਿਲ ਸਕੇ।

ਥਾਣਾ ਦਾਖਾ ਦੇ ਏਐਸਆਈ ਰਾਜ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਗਰਾਓਂ ਦੀ ਬੀਕੇ ਗੈਸ ਏਜੰਸੀ ਦੇ ਮਾਲਕ ਡਾ. ਨਰਿੰਦਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਉਸ ਦੇ ਲੜਕੇ ਦੇ ਵਿਆਹ ਲਈ ਮੈਰਿਜ ਪੈਲੇਸ ਵਿਚ ਪਾਰਟੀ ਰੱਖੀ ਗਈ ਸੀ, ਜਿਸ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਸਮੇਤ ਸ਼ਹਿਰ ਦੇ ਕਈ ਲੋਕਾਂ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਉਸ ਨੇ ਜੋ ਵੀ ਸ਼ਗਨ ਆਦਿ ਮਿਲਿਆ, ਉਹ ਆਪਣੇ ਬੈਗ ਵਿਚ ਰੱਖ ਲਿਆ। ਉਸ ਨੇ ਪਾਰਟੀ ਵਿਚ ਰਿਸ਼ਤੇਦਾਰਾਂ ਦੇ ਬੈਠਣ ਲਈ ਰੱਖੇ ਸੋਫੇ ’ਤੇ ਬੈਗ ਰੱਖ ਦਿੱਤਾ ਤੇ ਰਿਸ਼ਤੇਦਾਰਾਂ ਨਾਲ ਗੱਲਾਂ ਕਰਨ ਲੱਗ ਪਿਆ। ਕੁਝ ਹੀ ਪਲਾਂ ਵਿਚ ਕੋਈ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਇਸ ਸਬੰਧੀ ਜਦੋਂ ਉਸ ਨੇ ਪੈਲੇਸ ਵਿਚ ਕਾਫੀ ਦੇਰ ਤੱਕ ਬੈਗ ਦੀ ਭਾਲ ਕੀਤੀ ਪਰ ਬੈਗ ਨਹੀਂ ਮਿਲਿਆ।

ਵਿਆਹ ਲਈ ਰੱਖੀ ਪਾਰਟੀ ‘ਚ ਪੂਰਾ ਪਰਿਵਾਰ ਖ਼ੁਸ਼ੀ ਨਾਲ ਨੱਚ ਰਿਹਾ ਸੀ। ਹਰ ਕੋਈ ਪਾਰਟੀ ਦਾ ਆਨੰਦ ਲੈ ਰਿਹਾ ਸੀ। ਇਸ ਦੌਰਾਨ ਬੈਗ ਗਾਇਬ ਹੋ ਗਿਆ। ਬੈਗ ਵਿਚ ਕਰੀਬ 5 ਤੋਂ 6 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)