ਜਲੰਧਰ/ਚੰਡੀਗੜ੍ਹ| ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਇਕ ਚੰਕ ਸਾਈਟ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਇਹ ਈ-ਨਿਲਾਮੀ 7 ਦਸੰਬਰ, 2022 ਨੂੰ ਦੁਪਹਿਰ 1.00 ਵਜੇ ਸਮਾਪਤ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਈ-ਨਿਲਾਮੀ ਵਿੱਚ 62 ਵਪਾਰਕ ਸਾਈਟਾਂ (36 ਐਸ.ਸੀ.ਓ/ਐਸ.ਸੀ.ਐਫ/ਐਸ.ਸੀ.ਐਸ. ਅਤੇ 26 ਬੂਥ/ ਕਨਵੀਨੀਐਂਟ ਬੂਥ/ਸਟ੍ਰਿੱਪ ਬੂਥ) ਅਤੇ 54 ਰਿਹਾਇਸ਼ੀ ਪਲਾਟ ਖਰੀਦ ਲਈ ਉਪਲਬਧ ਹਨ। ਇਹ ਜਾਇਦਾਦਾਂ ਜਲੰਧਰ, ਮੁਕੇਰੀਆਂ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਵੱਖ-ਵੱਖ ਥਾਵਾਂ ‘ਤੇ ਸਥਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਗਾਂਧੀ ਵਨੀਤਾ ਆਸ਼ਰਮ, ਕਪੂਰਥਲਾ ਰੋਡ, ਜਲੰਧਰ ਵਿਖੇ ਇੱਕ ਚੰਕ ਸਾਈਟ ਵੀ ਈ-ਨਿਲਾਮੀ ਲਈ ਉਪਲਬਧ ਹੈ, ਜਿਸ ਦੀ ਰਾਖਵੀਂ ਕੀਮਤ 14.22 ਕਰੋੜ ਰੁਪਏ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਾਲ ਅਕਤੂਬਰ ਮਹੀਨੇ ਵਿੱਚ ਹੋਈ ਈ-ਨਿਲਾਮੀ ਵਿੱਚ, ਜੇ.ਡੀ.ਏ. ਵੱਲੋਂ ਤਕਰੀਬਨ 19 ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬੋਲੀ ਵਿੱਚ ਹਿੱਸਾ ਲੈਣ ਲਈ ਬੋਲੀਕਾਰਾਂ ਨੂੰ ਈ-ਆਕਸ਼ਨ ਪੋਰਟਲ www.puda.e-auctions.in ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਪੋਰਟਲ ‘ਤੇ ਈ-ਨਿਲਾਮੀ ਦੇ ਨਿਯਮ ਅਤੇ ਸ਼ਰਤਾਂ ਵੀ ਉਪਲਬਧ ਹਨ। ਸਫ਼ਲ ਬੋਲੀਕਾਰਾਂ ਨੂੰ ਜਾਇਦਾਦਾਂ ਦਾ ਕਬਜ਼ਾ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਸਬੰਧੀ ਮੁਕੰਮਲ ਵੇਰਵੇ ਜਿਵੇਂ- ਰਾਖਵੀਂ ਕੀਮਤ, ਆਲਾ-ਦੁਆਲਾ, ਜਗ੍ਹਾ ਦਾ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਈ-ਨਿਲਾਮੀ ਪੋਰਟਲ ‘ਤੇ ਦੇਖੇ ਜਾ ਸਕਦੇ ਹਨ।