ਨਵੀਂ ਦਿੱਲੀ | ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ‘ਚ ਪਾਰਾ ਹੇਠਾਂ ਡਿੱਗ ਰਿਹਾ ਹੈ ਜਿਸ ਕਾਰਨ ਠੰਡ ਦਿਨ ਬ ਦਿਨ ਵਧ ਰਹੀ ਹੈ। ਕਸ਼ਮੀਰ ਦੇ ਗੁਲਮਰਗ ‘ਚ ਪਾਰਾ ਜ਼ੀਰੋ ਤੋਂ 5.6 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ। ਉੱਥੇ ਹੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਦੱਖਣੀ ਸੂਬਿਆਂ ‘ਚ ਪਹਿਲੀ ਦਸੰਬਰ ਤੋਂ ਭਾਰੀ ਬਾਰਸ਼ ਹੋ ਸਕਦੀ ਹੈ।

ਓਧਰ ਆਂਧਰਾ ਪ੍ਰਦੇਸ਼ ਦੇ ਚਿਤੂਰ ਤੇ ਕਡਪਾ ਜ਼ਿਲ੍ਹੇ ‘ਚ ਚੱਕਰਵਾਤ ਨਿਵਾਰ ਕਾਰਨ ਹੋਈ ਭਾਰੀ ਬਾਰਸ਼ ‘ਤੇ ਇਸ ਵਜ੍ਹਾ ਨਾਲ ਆਏ ਹੜ੍ਹਾਂ ਕਾਰਨ ਪਿਛਲੇ ਤਿੰਨ ਦਿਨਾਂ ‘ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ।

ਉੱਤਰ ਭਾਰਤ ਚ ਪੈ ਰਹੀ ਠੰਡ

ਦਿੱਲੀ ‘ਚ ਘੱਟੋ ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 26.4 ਡਿਗਰੀ ਸੈਲਸੀਅਸਲ ਦਰਜ ਕੀਤਾ ਗਿਆ। ਸ਼ਹਿਰ ‘ਚ ਹਵਾ ਗੁਣਵੱਤਾ ਫਿਰ ਤੋਂ ਖਰਾਬ ਸ਼੍ਰੇਣੀ ‘ਚ ਪਹੁੰਚ ਗਈ ਹੈ। ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ‘ਚ ਕੜਾਕੇ ਦੀ ਠੰਡ ਪੈ ਰਹੀ ਹੈ।

ਦੱਖਣੀ ਸੂਬਿਆਂ ਚ ਬਾਰਸ਼ ਦੇ ਆਸਾਰ

ਉੱਤਰ ਪ੍ਰਦੇਸ਼ ‘ਚ ਵੀ ਮੌਸਮ ਠੰਡਾ ਰਿਹਾ ਤੇ ਕਈ ਥਾਈਂ ਧੁੰਦ ਛਾਈ ਰਹੀ। ਮੌਸਮ ਵਿਭਾਗ ਮੁਤਾਬਕ ਦੱਖਣੀ ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਦਾ ਖੇਤਰ ਬਣਨ ਤੇ ਇਸ ਦੇ 48 ਘੰਟੇ ਬਾਅਦ ਗਹਿਰੇ ਦਬਾਅ ਵਾਲੇ ਖੇਤਰ ‘ਚ ਤਬਦੀਲ ਹੋਣ ਤੇ ਤਾਮਿਲਨਾਡੂ ਤਟ ਵੱਲ ਵਧਣ ਦੇ ਆਸਾਰ ਹਨ। ਇਸ ਨਾਲ ਦੱਖਣੀ ਸੂਬਿਆਂ ‘ਚ ਪਹਿਲੀ ਦਸੰਬਰ ਤੋਂ ਭਾਰੀ ਬਾਰਸ਼ ਦੇ ਆਸਾਰ ਹਨ।