ਬਟਾਲਾ ‘ਚ ਕਰਫ਼ਿਊ ਦੀ ਉਲੰਘਣਾ, ਪ੍ਰਸ਼ਾਸਨ ਨੇ 43 ਦੁਕਾਨਾਂ ਕੀਤੀਆਂ ਸੀਲ

0
1275

ਗੁਰਦਾਸਪੁਰ. ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਵਿਚ ਧਾਰਾ 144 ਸੀਆਰਪੀਸੀ 1973 ਅਧੀਨ ਅਗਲੇ ਹੁਕਮਾਂ ਤਕ ਕਰਫਿਊ ਲਗਾਇਆ ਹੈ ਪਰ ਬਟਾਲਾ ਦੇ 43 ਦੁਕਾਨਦਾਰਾਂ ਵਲੋਂ ਕਰਫਿਊ ਦੀ ਉਲੰਘਣਾ ਕਰਨ ਤੇ ਪ੍ਰਸ਼ਾਸਨ ਵਲੋਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਜ਼ਿਲ੍ਹਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਦੁਕਾਨਦਾਰਾਂ ਦੀ ਯੂਨੀਅਨ ਦੇ ਪ੍ਰਧਾਨਾਂ ਨਾਲ ਸਮੇਂ-ਸਮੇਂ ਸਿਰ ਵੀਡੀਓ ਕਾਨਫਰੰਸਾਂ ਕਰਨ ਉਪਰੰਤ ਉਹਨਾਂ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਕੈਟਾਗਿਰੀ ਵੰਡੀ ਗਈ ਹੈ। ਜਿਸ ਉਪਰੰਤ 6 ਤੇ 9 ਮਈ 2020 ਰਾਹੀਂ ਹੁਕਮ ਜਾਰੀ ਕੀਤੇ ਗਏ ਹਨ। ਜਿਹਨਾਂ ਰਾਹੀ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਕੈਟਾਗਿਰੀ ਵਿਚ ਵੰਡਿਆ ਹੈ। ਦਿਨਾਂ ਦੀ ਵੰਡ ਸਮੇਤੇ ਮਿੱਥੇ ਸਮੇਂ ਅਨੁਸਾਰ ਤੇ ਪੰਜਾਬ ਸਰਕਾਰ ਵਲੋਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ।

ਉਪ ਮੰਡਲ ਮੈਜਿਸਟਰੇਟ, ਬਟਾਲਾ ਵਲੋਂ 9 ਤੇ 10 ਮਈ ਨੂੰ ਆਪਣੀ-ਆਪਣੀ ਹਦੂਦ ਅੰਦਰ ਪੈਦੀਆਂ ਦੁਕਾਨਾਂ ਦੀ ਚੈਕਿੰਗ, ਸਬੰਧਤ ਸਪੈਸ਼ਲ ਮੈਜਿਸਟਰੇਟਾਂ ਵਲੋਂ ਕਰਵਾਈ ਗਈ, ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਨਹੀ ਕੀਤੀ ਜਾ ਰਹੀ ਤੇ ਕਰਫਿਊ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਬਟਾਲਾ ਵਲੋਂ ਉਕਤ ਹੁਕਮਾਂ ਦੀ ਸ਼ਡਿਊਲ ਅਨੁਕੂਲ ਦੁਕਾਨਾਂ ਨਾ ਖੋਲ੍ਹਣ ਸਬੰਧੀ ਦੁਕਾਨਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਪ੍ਰੰਤੂ ਕਿਸੇ ਦਾ ਜਵਾਬ ਤਸੱਲੀਬਖਸ਼ ਨਹੀਂ ਹੈ। ਇਸ ਕਰਕੇ ਹੁਣ ਦੁਕਾਨਦਾਰਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਕਰਕੇ ਕਰਫਿਊ ਵਿਚ ਦਿੱਤੀ ਢਿੱਲ ਰੱਦ ਕੀਤੀ ਗਈ ਹੈ। ਇਹ ਦੁਕਾਨਾਂ 12 ਤੋਂ 16 ਮਈ ਤਕ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।