ਜਲੰਧਰ । ਜਲੰਧਰ ਦੀ ਰਾਮਾ ਮੰਡੀ ਪੁਲਸ ਨੇ ਇਕ ਫਰੌਡ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਗੱਡੀ ਕਿਰਾਏ ‘ਤੇ ਲੈ ਲੈਂਦਾ ਸੀ। ਕਿਰਾਏ ‘ਤੇ ਲੈਣ ਤੋਂ ਬਾਅਦ ਅੱਗੇ ਉਹਨੂੰ ਗਿਰਵੀ ਰੱਖ ਦਿੰਦਾ ਸੀ।
ਉਹ ਇਹ ਕੰਮ ਕਾਫੀ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਸੀ। ਪੁਲਿਸ ਨੇ ਇਸਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ । ਉਹ ਗੱਡੀਆਂ ਹੋਰ ਸੂਬਿਆਂ ‘ਚ ਜਾ ਕੇ ਵੀ ਵੇਚ ਦਿੰਦਾ ਸੀ।
ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾਮੰਡੀ ਦੇ ਐਸਐਚਓ ਨਵਦੀਪ ਸਿੰਘ ਨੇ ਦੱਸਿਆ ਕਿ ਗੁਰਮੀਤ ਧਵਨ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਭੁਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਉਸ ਪਾਸੋਂ ਇਕ ਗੱਡੀ ਪੱਚੀ ਹਜ਼ਾਰ ਰੁਪਏ ‘ਚ ਕਿਰਾਏ ‘ਤੇ ਲਈ ਸੀ, ਜਿਸ ਨੂੰ ਉਸ ਨੇ ਅੱਗੇ ਦੋ ਲੱਖ ਰੁਪਏ ਵਿਚ ਗਹਿਣੇ ਧਰ ਦਿੱਤਾ ।
ਨਵਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਮੰਨਿਆ ਕਿ ਉਹ ਇਹ ਕੰਮ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ । ਨਵਦੀਪ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਤਾਂ ਉਨ੍ਹਾਂ ਨੂੰ ਉਸ ਪਾਸੋਂ ਨੌਂ ਗੱਡੀਆਂ ਹੋਰ ਹਾਸਲ ਹੋਈਆਂ ।
ਇਸ ਸ਼ਖ਼ਸ ਉਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਤੇ ਹੋਰ ਪੁੱਛਗਿੱਛ ਕਰਕੇ ਇਸ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਪੁਲਸ ਵਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਹੈ।