ਤੇਲੰਗਾਨਾ, 1 ਦਸੰਬਰ | ਅਮਰੀਕਾ ਦੇ ਸ਼ਿਕਾਗੋ ਸ਼ਹਿਰ ‘ਚ ਸ਼ੁੱਕਰਵਾਰ ਨੂੰ ਇਕ ਪੈਟਰੋਲ ਪੰਪ ‘ਤੇ ਹਥਿਆਰਬੰਦ ਲੋਕਾਂ ਨੇ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਤੇਲੰਗਾਨਾ ਦਾ ਰਹਿਣ ਵਾਲਾ 22 ਸਾਲਾ ਸਾਈ ਤੇਜਾ ਨੁਕਾਰਪੂ ਸ਼ਿਕਾਗੋ ਦੇ ਇਕ ਪੈਟਰੋਲ ਪੰਪ ‘ਤੇ ਪਾਰਟ ਟਾਈਮ ਕੰਮ ਕਰਦਾ ਸੀ। ਤੇਲੰਗਾਨਾ ਦੀ ਬੀਆਰਐਸ ਪਾਰਟੀ ਦੇ ਨੇਤਾ ਮਧੂਸੂਦਨ ਥਾਥਾ ਨੇ ਸਾਈਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ।

ਮੀਡੀਆ ਰਿਪੋਰਟਾਂ ਮੁਤਾਬਕ ਸਾਈਂ ਤੇਜਾ ਭਾਰਤ ਵਿਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਐਮਬੀਏ ਕਰਨ ਲਈ ਅਮਰੀਕਾ ਗਿਆ ਸੀ। ਉਥੇ ਉਹ ਅਮਰੀਕਾ ਵਿਚ ਰਹਿਣ ਲਈ ਇਕ ਪੈਟਰੋਲ ਪੰਪ ‘ਤੇ ਪਾਰਟ-ਟਾਈਮ ਕੰਮ ਕਰ ਰਿਹਾ ਸੀ।

ਸਾਈ ਦੇ ਮਾਤਾ-ਪਿਤਾ ਨੇ ਕਿਹਾ ਕਿ ਜਦੋਂ ਉਸ ਨੂੰ ਗੋਲੀ ਮਾਰੀ ਗਈ ਤਾਂ ਉਹ ਡਿਊਟੀ ‘ਤੇ ਨਹੀਂ ਸੀ ਪਰ ਆਪਣੇ ਦੋਸਤ ਦੀ ਮਦਦ ਲਈ ਰੁਕਿਆ ਸੀ। ਸ਼ਿਕਾਗੋ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕੌਂਸਲੇਟ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰੇਗਾ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਅਸੀਂ ਇਸ ਖਬਰ ਤੋਂ ਬਹੁਤ ਦੁਖੀ ਹਾਂ। ਸਾਡਾ ਕੌਂਸਲੇਟ ਪਰਿਵਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ।