ਜਲੰਧਰ. ਸਿੱਖ ਨੌਜਵਾਨ ਸਿਮਰਤਪਾਲ ਸਿੰਘ(21) ਦੀ ਅਮਰੀਕਾ ਦੇ ਕਸਟਮ ਐਂਡ ਇੰਨਫੋਰਸਮੈਂਟ ਵਿਭਾਗ (ਆਈਸੀਈ) ਦੀ ਜੇਲ ਲਾ ਪਾਜ ਕਾਊਂਟੀ ਜੇਲ ਵਿਚ ਪਿਛਲੇ ਸਾਲ ਮੌਤ ਹੋ ਗਈ ਸੀ। ਜਿਸਦੀ ਵਿਭਾਗੀ ਜਾਂਚ ਅਜੇ ਤੱਕ ਜਾਰੀ ਹੈ। ਇਹ ਜਾਣਕਾਰੀ ਦਿੰਦਿੰਆਂ ਅੱਜ ਇੱਥੇ ਨੌਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਸਿਮਰਤਪਾਲ ਸਿੰਘ ਦੀ ਮੌਤ ਸਬੰਧੀ ਕਿਉਂਕਿ ਅਜੇ ਵਿਭਾਗੀ ਜਾਂਚ ਪੜਤਾਲ ਚੱਲ ਰਹੀ ਹੈ, ਇਸ ਲਈ ਵਿਭਾਗ ਵਲੋਂ ਇਸ ਮੌਤ ਸਬੰਧੀ ਹੋਰ ਵੇਰਵਾ ਨਹੀਂ ਦਿੱਤਾ ਜਾ ਸਕਦਾ।

ਚਾਹਲ ਨੇ ਦੱਸਿਆ ਕਿ ਸਿਮਰਤਪਾਲ ਸਿੰਘ ਨੂੰ ਅਮਰੀਕਾ ਦੇ ਕਸਟਮ ਐਂਡ ਇੰਨਫੋਰਸਮੈਂਟ ਵਿਭਾਗ (ਆਈਸੀਈ) ਵਿਭਾਗ ਨੇ  ਹਮਲੇ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗਿਰਫਤਾਰ ਕਰਕੇ 2 ਮਈ, 2019 ‘ਚ ਭੇਜੀਆ ਗਿਆ ਸੀ। ਉਸਨੂੰ ਲਾ ਪਾਜ ਕਾਊਂਟੀ ਜੇਲ ਵਿੱਚ ਨਜਰਬੰਦ ਕਰ ਦਿੱਤਾ ਗਿਆ ਸੀ। ਉਸੇ ਰਾਤ ਜੇਲ ਅਧਿਕਾਰੀਆਂ ਨੇ ਨੋਟਿਸ ਕੀਤਾ ਕਿ ਸਿਮਰਤਪਾਲ ਸਿੰਘ ਜੇਲ ਅੰਦਰ ਅਚੇਤ ਪਿਆ ਹੋਇਆ ਸੀ। ਜਿਸ ਕਾਰਣ ਜੇਲ ਅਧਿਕਾਰੀਆਂ ਨੇ ਤੁਰੰਤ ਉਸਨੂੰ ਐਂਬੂਲੈਂਸ ਰਾਹੀਂ ਲਾ ਪਾਜ ਕਾਊਂਟੀ ਜੇਲ ਦੇ ਪਾਰਕਰ (ਐਰੀਜੋਨਾ) ਸਥਿਤ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ। ਜਿਸਦੇ ਤੁਰੰਤ ਬਾਅਦ ਉਸਨੂੰ ਹੈਲੀਕਾਪਟਰ ਰਾਹੀਂ ਅਬਰਾਜੂ ਵੈਸਟ ਕੈਂਪਸ ਹਸਪਤਾਲ ਵਿਚ ਭੇਜਿਆ ਗਿਆ। ਜਿੱਥੇ ਡਾਕਟਰਾਂ ਨੇ 3 ਮਈ, 2019 ਨੂੰ ਸਵੇਰੇ 1.58 ਵਜੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਉਪਰੰਤ  ਕਸਟਮ ਐਂਡ ਇੰਨਫਰਸਮੈਂਟ ਵਿਭਾਗ (ਆਈਸੀਈ) ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਇਸ ਮੌਤ ਸਬੰਧੀ ਭਾਰਤੀ ਕੰਸਲਟੈਂਟ ਨੂੰ ਜਾਣਕਾਰੀ ਦਿੱਤੀ ਸੀ। ਚਾਹਲ ਨੇ ਸਪਸ਼ਟ ਕੀਤਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਮੌਤ ਸਿਮਰਤਪਾਲ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਕਾਰਨ ਹੋਈ ਸੀ ਜਾਂ ਕੁਦਰਤੀ ਮੌਤ ਸੀ।

ਕਪੂਰਥਲਾ ਦੇ ਪਰਮਜੀਤ ਨੇ ਵੀ 6 ਮਹੀਨੇ ਪਹਿਲਾਂ ਫਾਹਾ ਲਾਇਆ ਸੀ

ਚਾਹਲ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਇਕ ਹੋਰ ਸਿੱਖ ਲੜਕਾ ਪਰਮਜੀਤ ਸਿੰਘ (35) ਜੋ ਕਿ ਪੰਜਾਬ ਰਾਜ ਦੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇੜੇ ਪਿੰਡ ਮੁਹਬਲੀਪੁਰ ਦਾ ਰਹਿਣ ਵਾਲਾ ਸੀ, ਨੇ ਕੈਲੀਫੋਰਨੀਆ ਵਿਚ ਸਿਲਿਕਨ ਵੈਲੀ ਦੇ ਸ਼ਹਿਰ ਸੰਨੀਵੇਲ ਵਿਖੇ ਆਪਣੀ ਰਿਹਾਇਸ਼ ਤੇ ਫਾਹਾ ਲੈ ਲਿਆ ਸੀ। ਜਿਸ ਉਪਰਾਂਤ ਉਹ ਮ੍ਰਿਤਕ ਪਾਇਆ ਗਿਆ ਸੀ। ਉਹ ਆਪਣੀ ਮੌਤ ਤੋਂ 6 ਮਹੀਨੇ ਪਹਿਲਾਂ ਹੀ ਪੰਜਾਬ ਵਿਚੋਂ ਆ ਕੇ ਬੇ ਏਰੀਆ ਦੇ ਸ਼ਹਿਰ ਸੰਨੀਵੇਲ ਵਿਚ ਆਪਣੇ ਤੇ ਆਪਣੇ ਪਰਿਵਾਰ ਦੇ ਵਧੀਆ ਭੱਵਿਖ ਦੇ ਸੁਪਨੇ ਲੈ ਕੇ ਆਇਆ ਸੀ। ਉਹ ਲੰਬੇ ਸੰਘਰਸ਼ ਤੋਂ ਬਾਅਦ ਮੈਕਸੀਕੋ ਨਾਲ ਲੱਗਦੀ ਅਮਰੀਕਾ ਦੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ। ਜਿਸਦੇ ਬਦਲੇ ਉਸਨੇ ਆਪਣੇ ਏਜੰਟ ਨੂੰ ਭਾਰੀ ਰਕਮ ਅਦਾ ਕੀਤੀ ਸੀ। ਅਮਰੀਕਾ ਪਹੁੰਚਣ ਤੋਂ ਬਾਅਦ ਉਹ ਇੱਥੇ ਉਸਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਬੜੇ ਭਾਰੀ ਮਾਨਸਿਕ ਤਣਾਅ ਵਿੱਚ ਰਹਿਣ ਲਗ ਪਿਆ ਸੀ।  ਰੁਜ਼ਗਾਰ ਨਾ ਮਿਲਣ ਦੇ ਕਾਰਣ ਹਮੇਸ਼ਾਂ ਤਣਾਅ ਨਾਲ ਲੜਦਾ ਰਿਹਾ ਅਤੇ ਤਨਾਅ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਆਪਣੀ ਜਿੰਦਗੀ ਤੋਂ ਤੱਥ ਧੋ ਬੈਠਾ ਸੀ।

ਕਾਨੂੰਨੀ ਤਰੀਕੀਆਂ ਤੇ ਸਹੀ ਦਸਤਾਵੇਜ਼ ਨਾਲ ਹੀ ਅਮਰੀਕਾ ਜਾਣ ਨੌਜਵਾਨ

ਚਾਹਲ ਨੇ ਕਿਹਾ ਕਿ ਪੰਜਾਬ ਦੇ ਉਨ੍ਹਾਂ ਸਾਰੇ ਨੌਜਵਾਨਾਂ ਲਈ ਇਹ ਜ਼ਰੂਰੀ ਹੈ ਜੋ ਅਮਰੀਕਾ ਅੰਦਰ ਗੈਰਕਾਨੂੰਨੀ ਇਮੀਗ੍ਰੇਸ਼ਨ ਕਰਨ ਬਾਰੇ ਵਿਚਾਰ ਕਰ ਰਹੇ ਹਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ  ਕਿ ਸੰਯੁਕਤ ਰਾਜ ਅਮਰੀਕਾ ਵਿਚ ਬਿਨਾਂ ਸਹੀ ਦਸਤਾਵੇਜ਼ਾਂ ਤੋਂ ਰੁਜ਼ਗਾਰ ਪ੍ਰਾਪਤ ਕਰਨ ਵਿਚ ਭਾਰੀ ਮੁਸ਼ਕਲਾਂ ਹਨ। ਇਸ ਲਈ ਉਹ ਕਨੂੰਨੀ ਤਰੀਕਿਆਂ ਨਾਲ ਹੀ ਅਮਰੀਕਾ ਅੰਦਰ ਦਾਖਲ ਹੋਣ ਬਾਰੇ ਹੀ ਆਪਣਾ ਫੈਸਲਾ ਕਰਨ।