ਚੰਡੀਗੜ੍ਹ। ਪੰਜਾਬ ਵਿਚ ਜਿਸ ਤਰ੍ਹਾਂ ਖੇਤਾਂ ਤੋਂ ਧੂੰਆਂ ਉਠ ਰਿਹਾ ਹੈ, ਉਸ ਨਾਲ ਪੰਜਾਬ ਵੀ ਗੈਸ ਦਾ ਚੈਂਬਰ ਬਣਨ ਵੱਲ ਵਧ ਰਿਹਾ ਹੈ। ਪਰਾਲੀ ਸਾੜਨ ਉਤੇ ਰੋਕ ਨਾ ਲੱਗੀ ਤਾਂ ਇਥੇ ਵੀ ਹੈਲਥ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਵਾਤਾਵਰਣ ਵਿਚ ਪ੍ਰਦੂਸ਼ਣ ਇੰਨਾ ਵਧ ਚੁੱਕਾ ਹੈ ਕਿ ਹੁਣ ਹਵਾ ਸਾਹ ਲੈਣ ਦੇ ਲਾਇਕ ਵੀ ਨਹੀਂ ਬਚੀ। ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਵੀ ਪੰਜਾਬ ਵਿਚ ਕਈ ਥਾਵਾਂ ਉਤੇ 260 ਤੋਂ ਵੀ ਉਪਰ ਜਾ ਪਹੁੰਚਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਮੋਟ ਸੈਂਸਿੰਗ ਸਿਸਟਮ ਉਤੇ ਖੇਤਾਂ ਵਿਚ 2666 ਨਵੇਂ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਹੀ ਪਰਾਲੀ ਸਾੜਨ ਦਾ ਅੰਕੜਾ 24,146 ਉਤੇ ਜਾ ਪਹੁੰਚਿਆ ਹੈ। ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿਚ ਦਰਜ ਹੋਏ ਹਨ।
ਪਰਾਲੀ ਸਾੜਨ ਦੇ ਮਾਮਲੇ ਵਿਚ ਮੁੱਖ ਮੰਤਰੀ ਦਾ ਜ਼ਿਲ੍ਹਾ ਲਗਾਤਾਰ ਅੱਵਲ ਰਿਹਾ ਹੈ। ਨਵੇਂ ਅੰਕੜਿਆਂ ਅਨੁਸਾਰ ਸੰਗਰੂਰ ਵਿਚ 452 ਥਾਵਾਂ ਉਤੇ ਖੇਤਾਂ ਵਿਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ। ਪੰਜਾਬ ਦੇ ਮਾਲਵਾ ਵਿਚ ਪਰਾਲੀ ਸਾੜਨ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਬਠਿੰਡਾ ਪਰਾਲੀ ਸਾੜਨ ਦੇ ਮਾਮਲੇ ਵਿਚ ਦੂਜੇ ਨੰਬਰ ਉਤੇ ਹੈ। ਜਦੋਂਕਿ ਫਿਰੋਜ਼ਪੁਰ 269 ਅੰਕੜਿਆਂ ਨਾਲ ਤੀਜੇ ਸਥਾਨ ਉਤੇ ਹੈ। ਪਟਿਆਲਾ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕੁਝ ਕਮੀ ਆਈ ਹੈ। ਬਰਲਨਾਲ ਤੇ ਮਾਨਸਾ ਵਿਚ ਵੀ ਪਰਾਲੀ ਸਾੜਨ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ।