ਫ਼ਿਰੋਜ਼ਪੁਰ, 09 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ‘ਚ ਬਾਈਕ ਸਵਾਰ ਬਠਿੰਡਾ ਵਾਸੀ ਮਾਂ-ਪੁੱਤ ਨੂੰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਮਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 20 ਸਾਲਾ ਪੁੱਤਰ ਅਮਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕਾ ਦੀ ਪਛਾਣ 50 ਸਾਲਾ ਸੁਖਮਨੀ ਦੇਵੀ ਵਾਸੀ ਬੇਅੰਤ ਸਿੰਘ ਨਗਰ, ਧੋਬੀ ਮੁਹੱਲਾ, ਬਠਿੰਡਾ ਵਜੋਂ ਹੋਈ ਹੈ। ਇਹ ਹਾਦਸਾ ਫ਼ਿਰੋਜ਼ਪੁਰ-ਫ਼ਰੀਦਕੋਟ ਮੁੱਖ ਮਾਰਗ ‘ਤੇ ਗੋਲੇਵਾਲਾ ਪੁਲਿਸ ਚੌਕੀ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰੇ ਜਦੋਂ ਮਾਂ-ਪੁੱਤ ਆਪਣੀ ਧੀ ਨੂੰ ਮਿਲਣ ਲਈ ਬਠਿੰਡਾ ਤੋਂ ਫ਼ਿਰੋਜ਼ਪੁਰ ਜਾ ਰਹੇ ਸਨ ਤਾਂ ਇਕ ਸੜਕ ਹਾਦਸੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਗੋਲੇਵਾਲਾ ਚੌਕੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਸ਼ੀ ਕਾਰ ਚਾਲਕ ਦਾ ਪਤਾ ਲਗਾਇਆ ਜਾ ਸਕੇ।