ਅੰਮ੍ਰਿਤਸਰ | ਸ਼ਹਿਰ ‘ਚ ਗੋਲੀਬਾਰੀ ਆਮ ਹੋ ਗਈ ਹੈ। ਪਿਛਲੇ 30 ਦਿਨਾਂ ‘ਚ ਸ਼ਹਿਰ ‘ਚ ਗੋਲੀਬਾਰੀ ਦੀਆਂ 6 ਘਟਨਾਵਾਂ ਵਾਪਰੀਆਂ ਹਨ। ਬੁੱਧਵਾਰ ਸ਼ਾਮ 6.20 ਵਜੇ ਸੁਲਤਾਨਵਿੰਡ ਰੋਡ ਸਥਿਤ ਨਿਊ ਆਜ਼ਾਦ ਨਗਰ ‘ਚ ਇਕ ਨੌਜਵਾਨ ਨੂੰ ਦੁਸ਼ਮਣੀ ਦੇ ਚੱਲਦਿਆਂ 4 ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।

ਗੋਲੀਆਂ ਨੂੰ ਚਲਦਾ ਦੇਖ ਲੋਕਾਂ ‘ਚ ਵੀ ਦਹਿਸ਼ਤ ਫੈਲ ਗਈ। ਹਮਲਾਵਰਾਂ ਤੋਂ ਬਚਦੇ ਹੋਏ ਨੌਜਵਾਨ ਇਕ ਦੁਕਾਨ ‘ਚ ਦਾਖਲ ਹੋ ਗਿਆ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਦੁਕਾਨ ‘ਚ ਦਾਖਲ ਹੋ ਕੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਜ਼ਖਮੀ ਦੀ ਪਛਾਣ ਗਗਨਦੀਪ ਸਿੰਘ ਕੁੱਕੂ ਵਜੋਂ ਹੋਈ ਹੈ, ਜਿਸ ਦਾ ਇਲਾਜ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੌਕੇ ‘ਤੇ ਇਕ ਪੁਲਿਸ ਮੁਲਾਜ਼ਮ ਵੀ ਮੌਜੂਦ ਸੀ, ਜਿਸ ਨੇ ਗੋਲੀਆਂ ਚਲਦੀ ਦੇਖ ਕੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਘਟਨਾ ਦਾ ਪਤਾ ਲੱਗਦਿਆਂ ਹੀ ਏਡੀਸੀਪੀ ਅਭਿਮਨਿਊ ਰਾਣਾ, ਏਸੀਪੀ ਗੁਰਪ੍ਰਤਾਪ ਸਿੰਘ ਸਹੇਤਾ ਅਤੇ ਥਾਣਾ ਬੀ-ਡਵੀਜ਼ਨ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।

ਮੌਕੇ ’ਤੇ ਪੁੱਜੇ ਏਡੀਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਜ਼ਖ਼ਮੀ ਦੀ ਪਛਾਣ ਗਗਨਦੀਪ ਸਿੰਘ ਕੁੱਕੂ ਵਜੋਂ ਹੋਈ ਹੈ। ਬਲਕਾਰ ਸਿੰਘ ਉਰਫ਼ ਲੱਬਾ, ਜਿਸ ਨੇ ਦੁਸ਼ਮਣੀ ਤਹਿਤ ਨੌਜਵਾਨ ‘ਤੇ ਗੋਲੀਆਂ ਚਲਾਈਆਂ ਹਨ ਅਤੇ ਉਸ ਦੇ ਇਕ ਭਰਾ ਦੀ ਪਛਾਣ ਹੋ ਗਈ ਹੈ, ਜਦਕਿ 4/5 ਅਣਪਛਾਤੇ ਨੌਜਵਾਨ ਵੀ ਉਨ੍ਹਾਂ ਦੇ ਨਾਲ ਸਨ। ਪੁਲਿਸ ਨੇ ਮੌਕੇ ‘ਤੇ 2 ਪਿਸਤੌਲ ਬਰਾਮਦ ਕੀਤੇ ਹਨ।

ਪੁਲਿਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਹਮਲਾਵਰਾਂ ਖ਼ਿਲਾਫ਼ ਠੋਸ ਕਾਰਵਾਈ ਕਰੇਗੀ। ਜ਼ਖਮੀ ਗਗਨਦੀਪ ਸਿੰਘ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀਆਂ ਦੇ ਜ਼ਖਮ ਬਹੁਤ ਡੂੰਘੇ ਹਨ। ਨੌਜਵਾਨ ਦੇ ਹੋਸ਼ ‘ਚ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਹਮਲੇ ਦਾ ਅਸਲ ਕਾਰਨ ਕੀ ਸੀ।

ਘਟਨਾ ਤੋਂ ਬਾਅਦ ਦੁਕਾਨਦਾਰਾਂ ‘ਚ ਦਹਿਸ਼ਤ, ਗਸ਼ਤ ਵਧਾਉਣ ਦੀ ਮੰਗ ਦੁਕਾਨ ‘ਚ ਦਾਖਲ ਹੋ ਕੇ ਨੌਜਵਾਨ ਨੂੰ ਗੋਲੀ ਮਾਰਨ ਦੀ ਘਟਨਾ ਕਾਰਨ ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ‘ਚ ਅਮਨ ਕਾਨੂੰਨ ਦੀ ਹਾਲਤ ਮਾੜੀ ਹੈ। ਨਿੱਤ ਦਿਨ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।