ਅਬੋਹਰ, 2 ਅਕਤੂਬਰ | ਪੰਜਾਬ ਰਾਜ ਵੱਲੋਂ ਸ਼ੁਰੂ ਕੀਤੀ ਗਈ ਮਾਸਿਕ ਡੀਅਰ ਲਾਟਰੀ ਦਾ 1.5 ਕਰੋੜ ਦਾ ਪਹਿਲਾ ਇਨਾਮ ਅਬੋਹਰ ‘ਚ ਨਿਕਲਿਆ ਹੈ। 2 ਦੋਸਤਾਂ ਨੇ ਮਿਲ ਕੇ ਇਹ ਲਾਟਰੀ ਐਤਵਾਰ ਨੂੰ ਹੀ ਘੰਟਾਘਰ ਦੇ ਬਾਹਰ ਇਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ, ਜਿਸ ਦਾ ਡਰਾਅ ਉਸੇ ਰਾਤ ਨੂੰ ਨਿਕਲ ਗਿਆ ਤੇ ਦੋਵੇਂ ਦੋਸਤ ਡੇਢ ਕਰੋੜ ਰੁਪਏ ਦੇ ਜੇਤੂ ਬਣ ਗਏ।

ਜੋਗਿੰਦਰ ਉਰਫ਼ ਕੁੱਕੀ ਤੇ ਉਸ ਦੇ ਦੋਸਤ ਰਮੇਸ਼ ਸਿੰਘ ਨੇ ਇਨਾਮੀ ਐਲਾਨ ਤੋਂ ਬਾਅਦ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਛੋਟੇ ਇਨਾਮ ਦਿੱਤੇ ਗਏ ਸਨ ਪਰ ਪਹਿਲੀ ਵਾਰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 200-200 ਰੁਪਏ ਦੀਆਂ 2 ਲਾਟਰੀ ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਵਿਚ ਇਕ ਟਿਕਟ (ਨੰਬਰ-525055) ‘ਤੇ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ।

ਜੋਗਿੰਦਰ ਦੀ ਕੱਪੜਿਆਂ ਦੀ ਛੋਟੀ ਜਿਹੀ ਦੁਕਾਨ ਹੈ ਤੇ ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਆਪ ਹੀ ਵੇਚਦਾ ਸੀ, ਜਦਕਿ ਉਸ ਦਾ ਦੋਸਤ ਰਮੇਸ਼ ਸਿੰਘ ਬਿਜਲੀ ਬੋਰਡ ਦਾ ਸੇਵਾਮੁਕਤ ਮੀਟਰ ਰੀਡਰ ਹੈ। ਜਿਵੇਂ ਹੀ ਉਸ ਨੂੰ 1.5 ਕਰੋੜ ਰੁਪਏ ਦੇ ਇਨਾਮ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਦੱਸਿਆ ਕਿ ਇਸ ਪੈਸੇ ਨਾਲ ਉਹ ਆਪਣੇ ਬੇਰੁਜ਼ਗਾਰ ਪੁੱਤਰਾਂ ਨੂੰ ਰੋਜ਼ਗਾਰ ਦੇਵੇਗਾ।