ਨਵੀਂ ਦਿੱਲੀ, 7 ਅਕਤੂਬਰ | ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਚਲਨ ਤੋਂ ਹਟਾਏ ਗਏ 2 ਹਜ਼ਾਰ ਰੁਪਏ ਦੇ ਨੋਟਾਂ ’ਚੋਂ 87 ਫੀਸਦੀ ਬੈਂਕਾਂ ਵਿਚ ਜਮ੍ਹਾ ਦੇ ਰੂਪ ਵਿਚ ਵਾਪਸ ਆ ਗਏ ਹਨ।

ਹਰ 2 ਮਹੀਨਿਆਂ ਬਾਅਦ ਹੋਣ ਵਾਲੀ ਮੁਦਰਾ ਨੀਤੀ ਸਮੀਖਿਆ ਦੇ ਐਲਾਨ ਤੋਂ ਬਾਅਦ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਦਾਸ ਨੇ ਕਿਹਾ ਕਿ 19 ਮਈ, 2023 ਤਕ ਚਲਨ ’ਚ 2 ਹਜ਼ਾਰ ਰੁਪਏ ਦੇ 3.56 ਲੱਖ ਕਰੋੜ ਰੁਪਏ ਦੇ ਨੋਟਾਂ ’ਚੋਂ, 12,000 ਕਰੋੜ ਰੁਪਏ ਅਜੇ ਵੀ ਵਾਪਸ ਨਹੀਂ ਆਏ।

ਆਰ.ਬੀ.ਆਈ. ਨੇ ਪਿਛਲੇ ਸਨਿਵਾਰ ਨੂੰ ਕਿਹਾ ਸੀ ਕਿ 29 ਸਤੰਬਰ ਤਕ 3.42 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਚੁੱਕੇ ਹਨ, ਜਦਕਿ 14 ਹਜ਼ਾਰ ਕਰੋੜ ਰੁਪਏ ਦੇ ਨੋਟ ਅਜੇ ਵਾਪਸ ਆਉਣੇ ਬਾਕੀ ਹਨ। ਕੇਂਦਰੀ ਬੈਂਕ ਨੇ ਵੀ ਨੋਟ ਵਾਪਸ ਕਰਨ ਦੀ ਹੱਦ ਇਕ ਹਫ਼ਤੇ ਲਈ ਵਧਾ ਦਿੱਤੀ ਸੀ।