ਅੰਮ੍ਰਿਤਸਰ, 8 ਅਕਤੂਬਰ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਖੋਜ ਬੋਰਡ ਅਤੇ ਸਿੱਖਿਆ ਕਮੇਟੀ ਦੀਆਂ ਤਿੰਨ ਵੱਖ-ਵੱਖ ਅਹਿਮ ਮੀਟਿੰਗਾਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅੰਮ੍ਰਿਤਸਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈਆਂ। ਇਸ ਦੌਰਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਰੂਪ-ਰੇਖਾ ਦੇ ਨਾਲ-ਨਾਲ ਸਿੱਖ ਸਾਹਿਤ ਅਤੇ ਵਿਦਿਅਕ ਅਦਾਰਿਆਂ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਦੇ ਮੁੱਦੇ ਵਿਚਾਰੇ ਗਏ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਸੰਗਤਾਂ ਵੱਲੋਂ ਸ਼ਰਧਾ ਤੇ ਸਤਿਕਾਰ ਵਜੋਂ ਵੱਡੀ ਗਿਣਤੀ ਵਿਚ ਰੁਮਾਲੇ ਸਾਹਿਬ ਭੇਟ ਕੀਤੇ ਜਾਂਦੇ ਹਨ ਪਰ ਅਕਸਰ ਇਨ੍ਹਾਂ ਦਾ ਮਿਆਰ ਠੀਕ ਨਹੀਂ ਹੁੰਦਾ, ਇਸ ਕਾਰਨ ਹੀ ਇਨ੍ਹਾਂ ਨੂੰ ਸੰਭਾਲਣ ਵਿਚ ਵੀ ਵੱਡੀ ਸਮੱਸਿਆ ਆਉਂਦੀ ਹੈ। ਇਸ ਦੇ ਮੱਦੇਨਜ਼ਰ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਜਾਣਗੇ। ਇੱਥੇ ਸੰਗਤਾਂ ਰੁਮਾਲਾ ਸਾਹਿਬ ਦਾ ਚੜ੍ਹਾਵਾ ਜਮ੍ਹਾ ਕਰਵਾ ਸਕਣਗੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਸਿਰੋਪਾਓ ਦੀ ਵਰਤੋਂ ਇਸ ਦੀ ਭਾਵਨਾ ਅਤੇ ਧਾਰਮਿਕ ਮਹੱਤਤਾ ਅਨੁਸਾਰ ਕਰਨ ਲਈ ਪਿਛਲੇ ਸਮੇਂ ਤੋਂ ਸ਼ੁਰੂ ਕੀਤੇ ਗਏ ਯਤਨਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਲਾਗੂ ਕੀਤਾ ਜਾਵੇਗਾ। ਇਹ ਕੇਵਲ ਧਾਰਮਿਕ ਅਤੇ ਪੰਥਕ ਸ਼ਖਸੀਅਤਾਂ ਤੱਕ ਹੀ ਸੀਮਤ ਰਹੇਗਾ। ਐਡਵੋਕੇਟ ਧਾਮੀ ਨੇ ਹੋਰ ਫੈਸਲਿਆਂ ਬਾਰੇ ਦੱਸਿਆ ਕਿ ਮਾਤਾ ਗੁਜਰ ਕੌਰ ਜੀ ਦੀ 400ਵੀਂ ਜਨਮ ਸ਼ਤਾਬਦੀ ਇਸ ਸਾਲ 22 ਨਵੰਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਜਲੰਧਰ ਵਿਖੇ ਪੰਥਕ ਜਾਹੋ-ਜਲਾਲ ਨਾਲ ਮਨਾਈ ਜਾਵੇਗੀ।

ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਈ-ਕਾਮਰਸ ਵੈੱਬਸਾਈਟਾਂ ਅਤੇ ਐਪਾਂ ‘ਤੇ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ‘ਤੇ ਮੁਕੰਮਲ ਪਾਬੰਦੀ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਕਿਉਂਕਿ ਇਸ ਨਾਲ ਗੁਰਬਾਣੀ ਦੀ ਮਰਿਆਦਾ ਅਤੇ ਸਤਿਕਾਰ ਨੂੰ ਠੇਸ ਪਹੁੰਚ ਰਹੀ ਹੈ।