ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਕਰਵਾਈ ਜਾਣ ਵਾਲੀ ਅਨੁਪੂਰਕ ਪ੍ਰੀਖਿਆ ਦੌਰਾਨ 10ਵੀਂ ਤੇ 12ਵੀਂ ਕਲਾਸਾਂ ਦੇ ਸਿਰਫ ਵਾਧੂ ਵਿਸ਼ਾ ਕੈਟਾਗਰੀ ’ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਤੇ ਪ੍ਰੀਖਿਆ ਫ਼ੀਸਾਂ ਦੇ ਸ਼ਡਿਊਲ ’ਚ ਬਦਲਾਅ ਕੀਤਾ ਗਿਆ ਹੈ।

ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਵਾਧੂ ਵਿਸ਼ਾ ਕੈਟਾਗਰੀ ਦੀ ਇਸ ਪ੍ਰੀਖਿਆ ਲਈ 10ਵੀਂ ਜਮਾਤ ਲਈ ਉੱਕਾ-ਪੁੱਕਾ 1050 ਰੁਪਏ ਤੇ 12ਵੀਂ ਜਮਾਤ ਲਈ 1350 ਰੁਪਏ ਪ੍ਰਤੀ ਪ੍ਰੀਖਿਆਰਥੀ ਪ੍ਰਤੀ ਵਿਸ਼ਾ ਪ੍ਰੀਖਿਆ ਫ਼ੀਸ, ਪ੍ਰੀਖਿਆ ਦੇਣ ਦੇ ਚਾਹਵਾਨ ਪ੍ਰੀਖਿਆਰਥੀ ਹੁਣ 20 ਅਕਤੂਬਰ ਦੀ ਬਜਾਏ 22 ਅਕਤੂਬਰ 2021 ਤੱਕ ਬਿਨਾਂ ਕਿਸੇ ਲੇਟ ਫ਼ੀਸ ਦੇ ਪ੍ਰੀਖਿਆ ਫ਼ਾਰਮ ਭਰ ਕੇ ਆਨਲਾਈਨ ਆਪਣੀ ਪ੍ਰੀਖਿਆ ਫ਼ੀਸ ਜਮ੍ਹਾ ਕਰਵਾ ਸਕਦੇ ਹਨ।

ਇਹ ਪ੍ਰੀਖਿਆ ਫ਼ਾਰਮ 25 ਅਕਤੂਬਰ ਤੱਕ ਜ਼ਿਲ੍ਹਾ ਪੱਧਰ ’ਤੇ ਸਥਿਤ ਖ਼ੇਤਰੀ ਦਫ਼ਤਰਾਂ ’ਚ ਜਮ੍ਹਾ ਕਰਵਾਏ ਜਾ ਸਕਦੇ ਹਨ। ਅੰਤਿਮ ਮਿਤੀ ਉਪਰੰਤ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰਵਾਨਗੀ ਨਾਲ 2000 ਰੁਪਏ ਲੇਟ ਫ਼ੀਸ ਦੇ ਨਾਲ 500 ਰੁਪਏ ਦੇਰੀ ਦੀ ਮੁਆਫ਼ੀ ਸਬੰਧੀ ਫ਼ੀਸ ਨਾਲ ਸਿਰ ਮੁੱਖ ਦਫ਼ਤਰ ਵਿਖੇ ਹਾਜ਼ਰ ਹੋ ਕੇ ਫ਼ੀਸ ਜਮ੍ਹਾ ਕਰਵਾਈ ਜਾ ਸਕਦੀ ਹੈ। ਪ੍ਰੀਖਿਆ ਫ਼ੀਸ ਸਿਰਫ ਆਨਲਾਈਨ, ਕ੍ਰੈਡਿਟ ਕਾਰਡ ਅਤੇ ਨੈੱਟ ਬੈਂਕਿੰਗ ਰਾਹੀਂ ਹੀ ਜਮ੍ਹਾ ਕਰਵਾਈ ਜਾ ਸਕੇਗੀ।

ਕੰਟਰੋਲਰ ਪ੍ਰੀਖਿਆਵਾਂ ਵੱਲੋਂ ਜਾਰੀ ਹੋਰ ਜਾਣਕਾਰੀ ਅਨੁਸਾਰ ਇਸ ਪ੍ਰੀਖਿਆ ਸਬੰਧੀ ਬਾਕੀ ਹਦਾਇਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ, ਜਿਵੇਂ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਿਰਫ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਹੀ ਉਪਲਬਧ ਕਰਵਾਏ ਜਾਣਗੇ।

ਸਰਟੀਫ਼ਿਕੇਟ ਦੀ ਹਾਰਡ ਕਾਪੀ ਲੈਣ ਦੀ ਆਪਸ਼ਨ ਪ੍ਰੀਖਿਆ ਫ਼ਾਰਮ ’ਚ ਦਿੱਤੀ ਗਈ ਹੈ। ਜੇਕਰ ਕੋਈ ਪ੍ਰੀਖਿਆਰਥੀ ਸਰਟੀਫ਼ਿਕੇਟ ਦੀ ਹਾਰਡ ਕਾਪੀ ਲੈਣ ਦਾ ਇੱਛੁਕ ਹੋਵੇ ਤਾਂ ਉਹ ਪ੍ਰੀਖਿਆ ਫ਼ਾਰਮ ’ਚ ਆਪਸ਼ਨ ਟਿਕ ਕਰਨ ਉਪਰੰਤ ਇਸ ਮੰਤਵ ਲਈ ਨਿਰਧਾਰਤ ਫ਼ੀਸ 100 ਰੁਪਏ ਪ੍ਰੀਖਿਆ ਫ਼ੀਸ ਦੇ ਨਾਲ ਹੀ ਜਮ੍ਹਾ ਕਰਵਾ ਸਕਦਾ ਹੈ।

ਪ੍ਰੀਖਿਆ ਫ਼ਾਰਮ ਭਰਨ ਤੇ ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਵੈੱਬਸਾਈਟ www.pseb.ac.in ’ਤੇ ਉਪਲਬਧ ਹੈ।