ਚੰਡੀਗੜ੍ਹ | ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਵੱਲੋਂ ਲੜਕੀ ਨੂੰ ਭਗੌੜਾ ਕਰਾਰ ਦਿੱਤੇ ਜਾਣ ਦੇ ਬਾਵਜੂਦ ਕੈਨੇਡਾ ਪਹੁੰਚਣ ਤੋਂ ਬਾਅਦ ਵਿਆਹੁਤਾ ਸਬੰਧ ਬਣਾਉਣ ਤੋਂ ਇਨਕਾਰ ਕਰਨ ਦੇ ਦੋਸ਼ ‘ਚ ਨਵਾਂਸ਼ਹਿਰ ਵਿੱਚ ਦਰਜ ਕੇਸ ‘ਚ ਪੰਜਾਬ ਪੁਲਿਸ ਵੱਲੋਂ ਲੜਕੀ ਅਤੇ ਉਸ ਦੇ ਮਾਪਿਆਂ ਨੂੰ ਕਲੀਨ ਚਿੱਟ ਦੇਣ ’ਤੇ ਹੈਰਾਨੀ ਪ੍ਰਗਟਾਈ ਹੈ।

ਅਦਾਲਤ ਜਸਟਿਸ ਦੀਪਕ ਸਿੱਬਲ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਕਿਹਾ ਕਿ ਅਦਾਲਤ ਇਸ ਗੱਲ ਤੋਂ ਹੈਰਾਨ ਹੈ ਕਿ ਕਿਵੇਂ ਪੁਲਿਸ ਨੇ ਜਾਂਚ ਨਾਲ ਜੁੜੇ ਬਿਨਾਂ ਵੱਖ-ਵੱਖ ਸਮੇਂ ‘ਤੇ ਤਿੰਨ ਵਾਰ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ।

ਹਾਈਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਦੇ ਤਿੰਨ ਵੱਖ-ਵੱਖ ਅਧਿਕਾਰੀਆਂ ਨੇ ਸਾਲ 2012, 2016 ਅਤੇ 2019 ‘ਚ ਜਾਂਚ ਕਰਨ ਤੋਂ ਬਾਅਦ ਆਪਣੀਆਂ ਰਿਪੋਰਟਾਂ ‘ਚ ਮੁਲਜ਼ਮਾਂ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਜਦਕਿ ਮੁਲਜ਼ਮਾਂ ਨੂੰ ਅਦਾਲਤ ਤੋਂ ਭਗੌੜਾ ਕਰਾਰ ਦਿੱਤਾ ਗਿਆ ਹੈ।

ਅਜਿਹੇ ‘ਚ ਸਪੱਸ਼ਟ ਹੈ ਕਿ ਪੁਲਿਸ ਬਿਨਾਂ ਜਾਂਚ ਦੇ ਐੱਫਆਈਆਰ ਨੂੰ ਖਾਰਿਜ ਕਰਨ ਦੀ ਸਿਫਾਰਸ਼ ਕਰ ਰਹੀ ਹੈ, ਜਦਕਿ ਅਦਾਲਤ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਹੈ। ਹਾਈਕੋਰਟ ਨੇ ਫੈਸਲੇ ‘ਚ ਕਿਹਾ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੇ ਬਿਨਾਂ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦੀ ਸਿਫਾਰਿਸ਼ ਦੇ ਇਸ ਤਰੀਕੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਪੁਲਿਸ ਦੀ ਇਸ ਰਿਪੋਰਟ ਨੂੰ ਜ਼ਿਲ੍ਹਾ ਅਦਾਲਤ ਨੇ ਸਵੀਕਾਰ ਨਹੀਂ ਕੀਤਾ ਹੈ। ਅਜਿਹੇ ‘ਚ ਪੁਲਿਸ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ ‘ਚ ਹੈ। ਕੈਨੇਡਾ ਦੇ ਰਹਿਣ ਵਾਲੇ ਸੰਪੂਰਨ ਸਿੰਘ ਨੇ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਉਸ ਦੇ ਲੜਕੇ ਦਾ ਵਿਆਹ ਹੋ ਗਿਆ ਹੈ। ਨੂੰਹ ਦੇ ਕੈਨੇਡਾ ਪਹੁੰਚਦਿਆਂ ਹੀ ਵਿਆਹੁਤਾ ਸਬੰਧਾਂ ਤੋਂ ਇਨਕਾਰ ਕਰ ਦਿੱਤਾ ਗਿਆ।