18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਣ ਦੀ ਸਖ਼ਤ ਮਨਾਹੀ ਹੈ ਪਰ ਇਸ ਦੇ ਬਾਵਜੂਦ ਤੁਸੀਂ ਉਨ੍ਹਾਂ ਨੂੰ ਅਕਸਰ ਸੜਕਾਂ ‘ਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੇਖਿਆ ਹੋਵੇਗਾ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟਰੈਫਿਕ ਪੁਲਸ ਚਲਾਨ ਕੱਟ ਰਹੀ ਹੈ।

ਹੁਣ ਇਕ ਨਿਯਮ ਤਹਿਤ ਜੇਕਰ ਕੋਈ ਨਾਬਾਲਗ ਕਾਰ ਜਾਂ ਬਾਈਕ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਪਿਤਾ ਨੂੰ ਚਲਾਨ ਭਰਨ ਤੋਂ ਇਲਾਵਾ 3 ਸਾਲ ਤਕ ਦੀ ਜੇਲ ਹੋ ਸਕਦੀ ਹੈ। ਮੋਟਰ ਵਹੀਕਲ ਐਕਟ ਅਨੁਸਾਰ ਜੇਕਰ ਤੁਹਾਡਾ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੈ ਅਤੇ ਬਿਨਾਂ ਲਰਨਰ ਲਾਇਸੰਸ ਦੇ ਮੋਟਰ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਸਥਿਤੀ ਵਿੱਚ ਤੁਹਾਨੂੰ ਮੋਟਰ ਵਹੀਕਲ ਐਕਟ 1988 ਦੀ ਧਾਰਾ 199ਏ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ। ਸਰਪ੍ਰਸਤ ਨੂੰ ਤਿੰਨ ਸਾਲ ਤੱਕ ਦੀ ਮਿਆਦ ਲਈ ਕਿਸੇ ਵੀ ਵਰਣਨ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।