ਬਰਨਾਲਾ (ਕਮਲਜੀਤ ਸੰਧੂ) | ਵਿਆਹ ਤੋਂ ਬਾਅਦ ਲੜਕੇ-ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣ ਵਰਗੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਭਦੌੜ ਦਾ ਹੈ, ਜਿਸ ਨੇ ਦੱਸਿਆ ਕਿ ਉਸ ਦਾ ਵਿਆਹ 2008 ‘ਚ ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਭਾਈਰੂਪਾ ਨਾਲ ਹੋਇਆ ਸੀ। ਸਰਬਜੀਤ ਕੌਰ ਨੇ ਆਈਲੈੱਟਸ ਕੀਤੀ ਹੈ ਅਤੇ ਆਪਣੇ ਪਤੀ ਨਾਲ ਸਪਾਊਸ ਵੀਜ਼ੇ ‘ਤੇ ਇੰਗਲੈਂਡ ਚਲੀ ਗਈ, ਜਿਸ ਤੋਂ ਬਾਅਦ 2012 ‘ਚ ਉਨ੍ਹਾਂ ਦੇ ਘਰ ਬੇਟੇ ਅਰਣਵ ਸਿੰਘ ਨੇ ਜਨਮ ਲਿਆ।

ਉਸ ਨੇ ਦੱਸਿਆ ਕਿ ਅਸੀਂ ਉਥੇ ਪੀਆਰ ਨਹੀਂ ਹੋ ਸਕੇ ਅਤੇ ਮੇਰੇ ਪਤੀ ਨੇ ਵਾਪਸ ਇੰਡੀਆ ਆਉਣ ਦਾ ਮਨ ਬਣਾਇਆ। ਅਸੀਂ ਤਿੰਨੋਂ ਵਾਪਸ ਇੰਡੀਆ ਆ ਗਏ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਆਪਣੇ ਦੋਵਾਂ ਦੇ ਵਿਦੇਸ਼ ਜਾਣ ਲਈ ਫੰਡਜ਼ ਵਗੈਰਾ ਘੱਟ ਹਨ, ਇਸ ਲਈ ਮੈਂ ਇਕੱਲਾ ਸਾਈਪ੍ਰਸ ਜਾਂਦਾ ਹਾਂ ਅਤੇ ਉਥੇ ਜਾ ਕੇ ਤੁਹਾਨੂੰ ਦੋਵਾਂ ਨੂੰ ਬੁਲਾ ਲਵਾਂਗਾ ਤੇ 2016 ‘ਚ ਸਾਈਪ੍ਰਸ ਚਲਾ ਗਿਆ।

ਉਸ ਦੇ ਜਾਣ ਮੌਕੇ ਮੈਂ ਆਪਣੇ ਮਾਪਿਆਂ ਤੋਂ 6 ਲੱਖ ਰੁਪਏ ਫੜ ਕੇ ਸੰਦੀਪ ਸਿੰਘ ਨੂੰ ਮਦਦ ਵਜੋਂ ਦਿੱਤੇ ਅਤੇ ਉਸ ਤੋਂ 2 ਸਾਲ ਬਾਅਦ 2018 ਤੱਕ ਮੇਰੇ ਨਾਲ ਫੋਨ ‘ਤੇ ਗੱਲਬਾਤ ਕਰਦਾ ਰਿਹਾ। ਮੈਂ ਆਪਣੇ ਸਹੁਰੇ ਘਰ ਆਪਣੇ ਬੇਟੇ ਸਮੇਤ ਭਾਈਰੂਪਾ ਵਿਖੇ ਰਹਿੰਦੀ ਰਹੀ ਪਰ 2018 ਤੋਂ ਬਾਅਦ ਉਸ ਨੇ ਮੇਰਾ ਫੋਨ ਚੁੱਕਣਾ ਅਤੇ ਮੈਨੂੰ ਫੋਨ ਕਰਨਾ ਬੰਦ ਕਰ ਦਿੱਤਾ। ਫਿਰ ਉਸ ਨੇ ਇਕ ਮੋਬਾਇਲ ਮੈਨੂੰ ਗਿਫ਼ਟ ਭੇਜਿਆ, ਜਦੋਂ ਉਸ ਦਾ ਲਾਕ ਖੁੱਲ੍ਹਵਾਇਆ ਤਾਂ ਉਸ ਦੀਆਂ ਹੋਰ ਕੁੜੀ ਨਾਲ ਇਤਰਾਜ਼ਯੋਗ ਫੋਟੋਆਂ ਸਾਹਮਣੇ ਆ ਗਈਆਂ।

ਉਸ ਨੇ ਕਿਹਾ- ਮੇਰੇ ਪਤੀ ਦੀ  ਸਾਰੀ ਸੱਚਾਈ ਸਾਹਮਣੇ ਆ ਗਈ। ਮੈਨੂੰ ਮੇਰੇ ਸਹੁਰੇ ਘਰ ਵਾਲਿਆਂ ਨੇ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਤੋਂ ਤੰਗ ਆ ਕੇ ਮੈਂ ਆਪਣੇ ਮਾਂ-ਬਾਪ ਦੇ ਘਰ ਆ ਗਈ। ਹੁਣ ਮੈਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਵਿਦੇਸ਼ੀ ਲਾੜੇ ਦੀ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਠੱਗੀ ਜਾ ਚੁੱਕੀ ਹੈ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ।

ਸਰਬਜੀਤ ਨੇ ਕਿਹਾ ਕਿ ਉਸ ਨੂੰ ਸਿਰਫ ਮਨੀਸ਼ਾ ਗੁਲਾਟੀ ਤੋਂ ਇਨਸਾਫ ਮਿਲਣ ਦੀ ਹੀ ਉਮੀਦ ਹੈ, ਜਿਸ ਕਰ ਕੇ ਉਹ ਮੈਡਮ ਨੂੰ 1-2 ਦਿਨਾਂ ਵਿਚ ਮਿਲਣ ਜਾ ਰਹੀ ਹੈ।

ਕੁੜੀ ਦੇ ਪਿਓ ਮਹਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਜਵਾਈ ਨੇ ਸਾਡੇ ਨਾਲ ਧੋਖਾ ਕੀਤਾ ਹੈ, ਮੈਂ 10 ਲੱਖ ਰੁਪਏ ਵਿਆਹ ‘ਤੇ ਲਗਾਏ ਸਨ, ਜਦੋਂ ਕਿ 6 ਲੱਖ ਰੁਪਏ ਉਸ ਨੂੰ ਸਾਈਪ੍ਰਸ ਜਾਣ ਮੌਕੇ ਨਗਦ ਦਿੱਤੇ ਸਨ, ਜਿਸ ਕਰਕੇ ਸਾਡੇ ਨਾਲ 16 ਲੱਖ ਦੀ ਜਿੱਥੇ ਠੱਗੀ ਵੱਜ ਚੁੱਕੀ ਹੈ, ਉਥੇ ਮੇਰੀ ਲੜਕੀ ਦੀ ਵੀ ਜ਼ਿੰਦਗੀ ਬਰਬਾਦ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਹੁਰੇ ਪਰਿਵਾਰ ਅਤੇ ਸਾਡੇ ਜਵਾਈ ‘ਤੇ ਬਣਦੀ ਕਾਰਵਾਈ ਕੀਤੀ ਜਾਵੇ।

ਲੜਕੀ ਦੇ ਪਰਿਵਾਰ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੀ ਆਈ ਹੈ। ਜਥੇਬੰਦੀ ਦੇ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਨਾਲ ਖੜ੍ਹੀ ਹੈ। ਉਹ ਅੱਜ ਵੀ ਥਾਣਾ ਭਦੌੜ ਦੀ ਪੁਲਿਸ ਨੂੰ ਮਿਲੇ ਹਨ, ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ, ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣਗੇ।

ਥਾਣਾ ਭਦੌੜ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।