ਅੰਮ੍ਰਿਤਸਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਕਾਰ ਸਵਾਰ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ‘ਚ ਕਾਰ ਸਵਾਰ ਜੋੜੇ ਦੀ ਮੌਤ ਹੋ ਗਈ।

ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਅਤੇ ਕਾਰ ਸਵਾਰ ਪਤੀ-ਪਤਨੀ ਦੀ ਮੌਤ ‘ਤੇ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਬੁੱਧ ਪ੍ਰਕਾਸ਼ ਸਿੰਘ ਵਾਸੀ ਚੱਕ ਟਾਹਲੀ ਥਾਣਾ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਆਪਣੇ ਭਰਾ ਕੁਲਵਿੰਦਰ ਸਿੰਘ 35 ਸਾਲ ਅਤੇ ਭਾਬੀ ਸੁਰਜੀਤ ਕੌਰ 32 ਸਾਲ ਅਤੇ ਬੱਚਿਆਂ ਆਰਮਦੀਪ ਸਿੰਘ 7 ਸਾਲ, ਲੜਕੀ ਜਪਜੀਤ 5 ਸਾਲ, ਨਵਲਦੀਪ 9 ਸਾਲ ਸ਼ਨੀਵਾਰ ਸ਼ਾਮ ਨੂੰ ਕਾਰ ਵਿਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ।

ਉਹ ਕਾਰ ਚਲਾ ਰਿਹਾ ਸੀ ਅਤੇ ਉਸ ਦਾ ਭਰਾ ਨਾਲ ਵਾਲੀ ਸੀਟ ‘ਤੇ ਬੈਠਾ ਸੀ। ਪਿਛਲੀਆਂ ਸੀਟਾਂ ‘ਤੇ ਬੱਚੇ ਅਤੇ ਭਰਜਾਈ ਬੈਠੀ ਸੀ। ਜਦੋਂ ਉਹ ਰਾਤ ਕਰੀਬ 11 ਵਜੇ ਮਾਨਾਂਵਾਲਾ ਨੇੜੇ ਪਹੁੰਚੇ ਤਾਂ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਹਾਦਸੇ ਦੌਰਾਨ ਉਸ ਦਾ ਭਰਾ ਅਤੇ ਭਰਜਾਈ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦਕਿ ਬੱਚੇ ਆਰਮਦੀਪ ਸਿੰਘ ਅਤੇ ਜਪਜੀਤ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਮਾਨਾਂਵਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਏ.ਐਸ.ਆਈ. ਨਿਰੰਜਨ ਸਿੰਘ ਨੇ ਦੱਸਿਆ ਕਿ ਬੁੱਧ ਪ੍ਰਕਾਸ਼ ਦੇ ਬਿਆਨ ਦਰਜ ਕਰਕੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।