ਗੁਰਦਾਸਪੁਰ | ਲੰਘੇ ਦਿਨ ਪਿੰਡ ਤਲਵੰਡੀ ਰਾਮਾ ਵਿਖੇ ਇਕ ਨਿੱਜੀ ਹਸਪਤਾਲ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸੰਬੰਧੀ ਹਸਪਤਾਲ ਦੇ ਮਾਲਕ ਅਤੇ ਮੌਜੂਦਾ ਸਰਪੰਚ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ  ਬੀਤੀ ਰਾਤ ਕਰੀਬ 8 ਵਜੇ ਛੁੱਟੀ ਕਰਕੇ ਵਾਪਸ ਆਪਣੇ ਪਿੰਡ ਪੱਖੋਕੇ ਆਪਣੇ ਘਰ ਪਹੁੰਚਿਆ ਤਾਂ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਹਸਪਤਾਲ ‘ਚ ਮੌਜੂਦ ਮੁਲਾਜਮ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਗੋਲੀ ਚੱਲੀ ਹੈ।

ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਬਾਰੇ ਉਨ੍ਹਾਂ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਕਤ ਘਟਨਾ ਦਾ ਜਾਇਜ਼ਾ ਲਿਆ।

ਹਸਪਤਾਲ ਦੇ ਮਾਲਕ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਇੱਕ ਜੁਲਾਈ ਨੂੰ ਉਸਨੂੰ ਵਟਸਐਪ ਕਾਲ ਰਾਹੀਂ ਤੂਫਾਨ ਨਾਮੀ ਗੈਂਗਸਟਰ ਦਾ ਫੋਨ ਆਇਆ ਸੀ। ਉਸਨੇ ਪੰਜ ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਸਨੇ ਇਹ ਵੀ ਕਿਹਾ ਸੀ ਕਿ ਫਿਰੌਤੀ ਦੀ ਰਕਮ ਨਾ ਦਿੱਤੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ।

ਇਸ ਦੇ ਨਾਲ ਹੀ ਪਲਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਨੰਬਰ ਤੋਂ ਜਦ ਵੀ ਫੋਨ ਆਇਆ ਤਾਂ ਉਨ੍ਹਾਂ ਚੁੱਕਣਾ ਬੰਦ ਕਰ ਦਿੱਤਾ। ਉਨ੍ਹਾਂ ਵਲੋਂ ਫੋਨ ਬੰਦ ਕਰਨ ਉਤੇ ਬਾਅਦ ਵਿਚ ਵਟਸਐਪ ਰਾਹੀਂ ਮੈਸੇਜ ਆਇਆ ਕਿ ਇਸ ਦਾ ਟ੍ਰੇਲਰ ਜਲਦ ਹੀ ਦਿਖਾ ਦਿੱਤਾ ਜਾਵੇਗਾ। ਜਿਸ ਸੰਬੰਧੀ ਉਨ੍ਹਾਂ ਵਲੋਂ ਐੱਸਐੱਸਪੀ ਬਟਾਲਾ ਨੂੰ ਪਹਿਲਾਂ ਹੀ ਦਰਖਾਸਤ ਦਿੱਤੀ ਹੋਈ ਹੈ।

ਉਧਰ ਇਸ ਮਾਮਲੇ ਸਬੰਧੀ ਐੱਸਐੱਚਓ ਡੇਰਾ ਬਾਬਾ ਨਾਨਕ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਤਫ਼ਤੀਸ਼ ਵਿਚ ਲਿਆਂਦੀ ਜਾ ਰਹੀ ਹੈ।