ਹੁਸ਼ਿਆਰਪੁਰ | ਹਲਕਾ ਦਸੂਹਾ ‘ਚ ਸ਼ੁੱਕਰਵਾਰ ਦੇਰ ਰਾਤ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇਕ ਫਾਈਨਾਂਸ ਕੰਪਨੀ ਦੇ ਦਫਤਰ ‘ਚ ਦਾਖਲ ਹੋ ਕੇ ਬੰਦੂਕ ਦੀ ਨੋਕ ‘ਤੇ ਲੱਖਾਂ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਹ ਘਟਨਾ ਪੋਸਟ ਆਫਿਸ ਰੋਡ ‘ਤੇ ਸਥਿਤ ਕੰਪਨੀ ਦੇ ਦਫਤਰ ‘ਚ ਵਾਪਰੀ।

ਲੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ। ਫਾਈਨਾਂਸ ਕੰਪਨੀ ਦੇ ਕਰਮਚਾਰੀ ਅਜੈ ਕੁਮਾਰ ਪੁੱਤਰ ਬੀਰਮਪਾਲ ਵਾਸੀ ਅਲਾਵਲਪੁਰ ਥਾਣਾ ਭਗਵਾਨਪੁਰ ਹਰਿਦੁਆਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਹ ਫਿਊਜ਼ਨ ਮਾਈਕ੍ਰੋ ਫਾਈਨਾਂਸ ਲਿਮਟਿਡ ਕੰਪਨੀ ਦੀ ਦਸੂਹਾ ਬ੍ਰਾਂਚ ‘ਚ ਸਹਾਇਕ ਮੈਨੇਜਰ ਦੇ ਅਹੁਦੇ ‘ਤੇ ਤਾਇਨਾਤ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਸਾਢੇ 9 ਵਜੇ ਦੇ ਕਰੀਬ 2 ਹੋਰ ਵਿਅਕਤੀਆਂ ਨਾਲ ਆਪਣੇ ਦਫ਼ਤਰ ‘ਚ ਡਿਊਟੀ ’ਤੇ ਸੀ। ਉਸ ਸਮੇਂ ਪੈਸੇ ਦੇ ਹਿਸਾਬ-ਕਿਤਾਬ ਚੱਲ ਰਹੇ ਸਨ।

ਉਦੋਂ ਦੋ ਵਿਅਕਤੀ ਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਪਿਸਤੌਲ ਤਾਣ ਲਈ। ਮੁਲਜ਼ਮਾਂ ਨੇ ਪੈਸੇ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ‘ਤੇ ਗੋਲੀ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਕਰੀਬ 2 ਲੱਖ 27 ਹਜ਼ਾਰ ਰੁਪਏ ਜ਼ਬਰਦਸਤੀ ਕੱਢਵਾ ਲਏ। ਇਸ ਤੋਂ ਇਲਾਵਾ ਅਲਮਾਰੀ ਵਿਚੋਂ 6000 ਰੁਪਏ ਵੀ ਜ਼ਬਰਦਸਤੀ ਕੱਢ ਲਏ। ਉਸ ਨੇ ਦੱਸਿਆ ਕਿ ਉਸ ਦਾ ਇਕ ਸਾਥੀ ਦਫ਼ਤਰ ਦੇ ਬਾਹਰ ਮੋਟਰਸਾਈਕਲ ਲੈ ਕੇ ਖੜ੍ਹਾ ਸੀ, ਉਸ ਨੇ ਉਕਤ ਦੋਵਾਂ ਵਿਅਕਤੀਆਂ ਨੂੰ ਉਸ ਦੇ ਮੋਟਰਸਾਈਕਲ ‘ਤੇ ਬਿਠਾ ਦਿੱਤਾ ਅਤੇ ਫ਼ਰਾਰ ਹੋ ਗਏ |

ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਜਾਣਕਾਰੀ ਹਾਸਲ ਕਰ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।