ਹੁਸ਼ਿਆਰਪੁਰ, 18 ਫਰਵਰੀ | ਗੜ੍ਹਦੀਵਾਲਾ ਦੇ ਬੱਸ ਸਟੈਂਡ ‘ਤੇ 2 ਸਕੇ ਭਰਾਵਾਂ ਨਾਲ ਦਰਦਨਾਕ ਹਾਦਸਾ ਵਾਪਰਿਆ। ਇਥੇ 2 ਟਰੱਕਾਂ ਵਿਚਾਲੇ ਦੋਵੇਂ ਭਰਾ ਫਸ ਗਏ, ਜਿਸ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਜ਼ਖ਼ਮੀ ਨੌਜਵਾਨ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਦੋਵਾਂ ਦੀ ਪਛਾਣ ਦੀਪਕ ਕੁਮਾਰ ਅਤੇ ਰੌਸ਼ਨ ਲਾਲ ਵਜੋਂ ਹੋਈ ਹੈ। ਦੋਵੇਂ ਭਰਾਵਾਂ ਨੇ ਅਗਲੇ ਹਫਤੇ ਵਿਦੇਸ਼ ਜਾਣਾ ਸੀ।

ਜਾਣਕਾਰੀ ਅਨੁਸਾਰ ਦੋਵੇਂ ਭਰਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੜ੍ਹਦੀਵਾਲਾ ਬੱਸ ਸਟੈਂਡ ਵੱਲ ਜਾ ਰਹੇ ਸਨ, ਜਦੋਂ ਉਹ ਬੱਸ ਸਟੈਂਡ ਤੋਂ ਲੰਘਣ ਲੱਗੇ ਤਾਂ ਸਾਹਮਣੇ ਆ ਰਿਹਾ ਟਰੱਕ ਰੁਕ ਗਿਆ। ਉਦੋਂ ਪਿੱਛੇ ਤੋਂ ਆ ਰਹੇ ਟਿੱਪਰ ਨੇ ਅੱਗੇ ਜਾ ਰਹੇ ਟਰੱਕ ਵਿਚਕਾਰ ਮੋਟਰਸਾਈਕਲ ਨੂੰ ਕੁਚਲ ਦਿੱਤਾ। ਇਸ ਦੌਰਾਨ ਦੀਪਕ ਕੁਮਾਰ ਅਤੇ ਰੌਸ਼ਨ ਗੰਭੀਰ ਜ਼ਖ਼ਮੀ ਹੋ ਗਏ।

ਲੋਕਾਂ ਨੇ ਦੋਵਾਂ ਭਰਾਵਾਂ ਨੂੰ ਟਿੱਪਰ ਹੇਠੋਂ ਬਾਹਰ ਕੱਢਿਆ ਅਤੇ ਗੜ੍ਹਦੀਵਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਦਸੂਹਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿਥੇ ਦੀਪਕ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੌਸ਼ਨ ਨੂੰ ਗੰਭੀਰ ਸੱਟਾਂ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।

ਦੋਵੇਂ ਭਰਾ ਬੇਕਰੀ ਦਾ ਕੰਮ ਕਰਦੇ ਸਨ। ਉਹ ਅਗਲੇ ਹਫਤੇ ਵਿਦੇਸ਼ ਜਾ ਰਹੇ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਿੱਪਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।