ਅੰਮ੍ਰਿਤਸਰ 3 ਸਤੰਬਰ – ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਰਿਆਲਟੋ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਸਿਰਫ਼ ਗੱਡੀ ਪਾਸਿੰਗ ਮੰਗਣ ’ਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਮੁਤਾਬਕ, ਲਵਪ੍ਰੀਤ ਤੇ ਗੁਰਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਕਾਰ ਰਾਹੀਂ ਰਿਆਲਟੋ ਚੌਂਕ ਤੋਂ ਲੰਘ ਰਹੇ ਸਨ। ਜਦੋਂ ਉਹਨਾਂ ਨੇ ਇੱਕ ਹੋਰ ਕਾਰ ਸਵਾਰ ਤੋਂ ਰਾਹ ਮੰਗਣ ਲਈ ਹਾਰਨ ਦਿੱਤਾ, ਤਾਂ ਦੂਜੀ ਕਾਰ ਵਿੱਚ ਬੈਠੇ ਨੌਜਵਾਨਾਂ ਨੇ ਅਚਾਨਕ ਤਾਬੜਤੋੜ ਫਾਇਰਿੰਗ ਕਰ ਦਿੱਤੀ। ਗੋਲੀ ਸਿੱਧੀ ਕਾਰ ’ਤੇ ਜਾ ਲੱਗੀ, ਜਿਸ ਨਾਲ ਸਾਰੇ ਡਰ ਗਏ ਅਤੇ ਤੁਰੰਤ ਆਪਣੀ ਗੱਡੀ ਪੁਲਿਸ ਥਾਣੇ ਦੇ ਬਾਹਰ ਲੈ ਜਾ ਕੇ ਖੜੀ ਕਰ ਦਿੱਤੀ।
ਪੀੜਤਾਂ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਥਾਣਾ ਇਲਾਕਾ ਨਾ ਹੋਣ ਕਰਕੇ ਮਾਮਲਾ ਹੋਰ ਥਾਣੇ ਵਿਚ ਦਰਜ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਪੀੜਤਾਂ ਨੇ ਇਨਸਾਫ਼ ਦੀ ਗੁਹਾਰ ਲਾਈ ਹੈ।
ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਨੋਂ ਪੱਖਾਂ ਨੂੰ ਬੁਲਾ ਕੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਇਸ ਘਟਨਾ ਨੇ ਅੰਮ੍ਰਿਤਸਰ ਦੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿਉਂਕਿ ਹੁਣ ਸਿਰਫ਼ ਗੱਡੀ ਪਾਸਿੰਗ ਮੰਗਣ ’ਤੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਕਾਨੂੰਨ-ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।