ਨਵੀਂ ਦਿੱਲੀ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਸੰਘ ਮੁਖੀ ਡਾ: ਮੋਹਨ ਭਾਗਵਤ ਨੇ ਆਪਣੇ ਵਿਜੇਦਸ਼ਮੀ ਸੰਬੋਧਨ ‘ਚ ਕਿਹਾ ਕਿ ਹਿੰਦੂ ਸਮਾਜ ਨੂੰ ਇਕਜੁੱਟ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਹ ਕਿਸੇ ਦੇ ਵਿਰੁੱਧ ਨਹੀਂ ਹੈ ਅਤੇ ਨਾ ਹੀ ਇਸ ਤੋਂ ਕਿਸੇ ਨੂੰ ਖਤਰਾ ਹੈ।
ਸੰਘ ਬਾਰੇ ਤਰਕਹੀਣ ਬਿਆਨ ਦੇਣ ਵਾਲਿਆਂ ਦੀ ਸਖ਼ਤ ਆਲੋਚਨਾ ਕਰਦਿਆਂ ਆਰਐਸਐਸ ਮੁਖੀ ਨੇ ਕਿਹਾ ਕਿ ਹੁਣ ਲੋਕ ਸੰਘ ਦੀ ਹਿੰਦੂ ਰਾਸ਼ਟਰ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਦੇ ਹਨ। ਹਾਲਾਂਕਿ, ਬਿਨਾਂ ਕਿਸੇ ਕਾਰਨ, ਅਖੌਤੀ ਘੱਟ ਗਿਣਤੀਆਂ ਵਿੱਚ ਇੱਕ ਡਰ ਪੈਦਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਸੰਘ ਜਾਂ ਸੰਗਠਿਤ ਹਿੰਦੂ ਤੋਂ ਖ਼ਤਰਾ ਹੈ। ਅਜਿਹਾ ਨਾ ਕਦੇ ਹੋਇਆ ਹੈ ਅਤੇ ਨਾ ਹੀ ਹੋਵੇਗਾ। ਇਹ ਨਾ ਤਾਂ ਹਿੰਦੂਆਂ ਦਾ ਸੁਭਾਅ ਰਿਹਾ ਹੈ ਅਤੇ ਨਾ ਹੀ ਸੰਘ ਦਾ। ਮੋਹਨ ਭਾਗਵਤ ਨੇ ਕਿਹਾ ਕਿ ਜੋ ਲੋਕ ਬੇਇਨਸਾਫ਼ੀ, ਅੱਤਿਆਚਾਰ, ਕੁਕਰਮ ਦਾ ਸਹਾਰਾ ਲੈ ਕੇ ਗੁੰਡਾਗਰਦੀ ਕਰਦੇ ਹਨ, ਉਹ ਸਮਾਜ ਦੇ ਦੁਸ਼ਮਣ ਹੁੰਦੇ ਹਨ ਤਾਂ ਆਤਮ ਰੱਖਿਆ ਕਰਨਾ ਸਾਰਿਆਂ ਦਾ ਫਰਜ਼ ਬਣਦਾ ਹੈ|
ਆਰਐਸਐਸ ਮੁਖੀ ਨੇ ਜਿੱਥੇ ਘੱਟ ਗਿਣਤੀਆਂ ਨੂੰ ਭਰੋਸੇ ਵਿੱਚ ਲਿਆ, ਉਥੇ ਦੂਜੇ ਪਾਸੇ ਸੰਘ ਅਤੇ ਹਿੰਦੂ ਰਾਸ਼ਟਰ ਦੇ ਸੰਕਲਪ ਨੂੰ ਲੈ ਕੇ ਡਰ ਅਤੇ ਭੰਬਲਭੂਸਾ ਫੈਲਾਉਣ ਵਾਲੇ ਅਖੌਤੀ ਬੁੱਧੀਜੀਵੀਆਂ ਅਤੇ ਘੱਟ ਗਿਣਤੀ ਜਥੇਬੰਦੀਆਂ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਚਾਰ ਫੇਲ੍ਹ ਹੋ ਰਿਹਾ ਹੈ।
ਸੰਘ ਨੇ ਇਸ ਵਾਰ ਵੀ ਆਪਣੇ ਮੰਚ ਤੋਂ ਦੇਸ਼ ਦੀ ਅੱਧੀ ਆਬਾਦੀ ਨੂੰ ਮਾਤ ਸ਼ਕਤੀ ਦੀ ਆਤਮ-ਨਿਰਭਰਤਾ ਅਤੇ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।